ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 18 ਅਕਤੂਬਰ
ਸਥਾਨਕ ਕਟੜਾ ਬੱਗੀਆਂ ਇਲਾਕੇ ਵਿੱਚ ਰਹਿੰਦੇ ਦੋ ਸਕੇ ਭਰਾਵਾਂ ਦੀ ਕਥਿਤ ਨਸ਼ਿਆਂ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਹਰਗੁਣ ਉਰਫ ਰੋਹਨ (24) ਅਤੇ ਕਾਲੂ (20) ਵਜੋਂ ਹੋਈ ਹੈ। ਇਸ ਮਾਮਲੇ ’ਤੇ ਪੀੜਤ ਪਰਿਵਾਰ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ, ਜਦੋਂਕਿ ਗੁਆਂਢੀਆਂ ਦਾ ਕਹਿਣਾ ਹੈ ਕਿ ਦੋਵੇਂ ਭਰਾ ਨਸ਼ੇ ਦੇ ਆਦੀ ਸਨ। ਜਾਣਕਾਰੀ ਅਨੁਸਾਰ ਹਰਗੁਣ ਨਸ਼ੇ ਦੇ ਮਾਮਲੇ ’ਚ ਜੇਲ੍ਹ ਵਿੱਚ ਬੰਦ ਸੀ।
ਜੇਲ੍ਹ ਵਿਚ ਅਚਨਚੇਤੀ ਉਸ ਦੀ ਤਬੀਅਤ ਵਿਗੜੀ, ਜਿਸ ਨੂੰ ਪਹਿਲਾਂ ਜੇਲ੍ਹ ਦੇ ਹਸਪਤਾਲ ਭੇਜਿਆ ਅਤੇ ਬਾਅਦ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕੀਤਾ ਗਿਆ, ਜਿਥੇ ਬੀਤੇ ਦਿਨੀਂ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਮੁਹੱਲੇ ਵਿਚ ਰਹਿੰਦੇ ਮਨੀਸ਼ ਮਹਾਜਨ ਨੇ ਦੱਸਿਆ ਕਿ ਵੱਡੇ ਭਰਾ ਦੀ ਖ਼ਬਰ ਸੁਣਨ ਮਗਰੋਂ ਕਾਲੂ ਬੇਚੈਨ ਹੋ ਗਿਆ ਸੀ ਅਤੇ ਉਸ ਨੇ ਵੀ ਨਸ਼ੇ ਦੀ ਓਵਰਡੋਜ਼ ਲੈ ਲਈ, ਜਿਸ ਕਾਰਨ ਉਹ ਬੇਸੁੱਧ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਪੁਲੀਸ ਦੇ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਜੇਲ੍ਹ ਵਿਚ ਬੰਦ ਨੌਜਵਾਨ ਦੀ ਮੌਤ ਗੁਰਦੇ ਫੇਲ੍ਹ ਹੋਣ ਕਾਰਨ ਹੋਈ ਹੈ ਅਤੇ ਦੂਜੇ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਹਲਕਾ ਕੌਂਸਲਰ ਜਤਿੰਦਰ ਸੋਨੀਆ ਨੇ ਦੱਸਿਆ ਕਿ ਪੀੜਤ ਪਰਿਵਾਰ ਇਕ ਮੱਧਵਰਗੀ ਪਰਿਵਾਰ ਹੈ, ਜਿਨ੍ਹਾਂ ਦੇ ਦੋਵੇਂ ਲੜਕੇ ਨਸ਼ਿਆਂ ਦੇ ਆਦੀ ਹੋ ਗਏ ਸਨ।