ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 9 ਮਾਰਚ
ਸਰਹਿੰਦ ਨੇੜਿਓਂ ਲੰਘਦੀ ਭਾਖੜਾ ਨਹਿਰ ’ਚੋਂ ਗੋਤਾਖੋਰਾਂ ਨੂੰ ਦੋ ਲਾਸ਼ਾਂ ਮਿਲੀਆਂ ਹਨ। ਇਸ ਮੌਕੇ ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦੇ ਗੋਤਾਖੋਰ ਮਲਕੀਤ ਸਿੰਘ ਅੱਜ ਆਦਮਪੁਰ ਨੇੜਿਓਂ ਲੰਘਦੀ ਨਹਿਰ ’ਚ ਗੋਤਾ ਲਾ ਰਹੇ ਸਨ ਤਾਂ ਨਹਿਰ ’ਚੋਂ ਉਨ੍ਹਾਂ ਨੂੰ ਇੱਕ 16/17 ਸਾਲ ਦੇ ਕਰੀਬ ਉਮਰ ਦੀ ਲੜਕੀ ਦੀ ਲਾਸ਼ ਮਿਲੀ ਜਿਸ ਸਬੰਧੀ ਥਾਣਾ ਸਰਹਿੰਦ ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ।
ਜਾਣਕਾਰੀ ਮੁਤਾਬਕ ਪੁਲੀਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਮ੍ਰਿਤਕ ਹਾਲਤ ’ਚ ਮਿਲੀ ਉਕਤ ਲੜਕੀ ਦੇ ਲਾਲ ਰੰਗ ਦਾ ਕਮੀਜ਼ ਅਤੇ ਹਰੇ ਰੰਗ ਦੀ ਸਲਵਾਰ ਪਹਿਨੀ ਹੋਈ ਸੀ। ਉਨ੍ਹਾਂ ਦੱਸਿਆ ਕਿ ਅੱਜ ਹੀ ਉਕਤ ਨਹਿਰ ’ਚੋਂ ਗੋਤਾਖੋਰ ਮਲਕੀਤ ਸਿੰਘ ਨੂੰ ਮੰਗਾ ਸਿੰਘ ਉਰਫ ਅਜੀਤ ਸਿੰਘ ਨਾਮੀਂ 28 ਸਾਲਾ ਨੌਜਵਾਨ ਦੀ ਲਾਸ਼ ਵੀ ਮਿਲੀ ਹੈ ਜਿਸ ਸਬੰਧੀ ਪਤਾ ਲੱਗਾ ਹੈ ਕਿ ਉਕਤ ਨੌਜਵਾਨ ਨੇ ਬੀਤੀ 3 ਮਾਰਚ ਨੂੰ ਫਲੋਟਿੰਗ ਰੈਸਟੋਰੈਂਟ ਸਰਹਿੰਦ ਨੇੜੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ ਸੀ ਜਿਸ ਦੀ ਬੀਤੇ ਕਈ ਦਿਨਾਂ ਤੋਂ ਭਾਲ ਕੀਤੀ ਜਾ ਰਹੀ ਸੀ।
ਇਸ ਬਾਬਤ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲੀਸ ਵੱਲੋਂ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਹਾਲੇ ਤੱਕ ਮ੍ਰਿਤਕ ਲੜਕੀ ਦੀ ਪਹਿਚਾਣ ਨਹੀਂ ਹੋ ਸਕੀ ਹੈ ਅਤੇ ਪੁਲੀਸ ਵੱਲੋਂ ਉਸ ਦੀ ਲਾਸ਼ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੀ ਮੌਰਚਰੀ ’ਚ ਰਖਵਾ ਕੇ ਸ਼ਨਾਖਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।