ਪੱਤਰ ਪ੍ਰੇਰਕ
ਮੋਰਿੰਡਾ, 24 ਜੂਨ
ਇੱਥੋਂ ਦੀ ਪੁਲੀਸ ਨੇ ਬੀਤੇ ਦਿਨੀਂ ਮੋਰਿੰਡਾ ਦੇ ਇੱਕ ਬੈਂਕ ਵਿੱਚੋਂ ਏਟੀਐਮ ਬਦਲਕੇ ਪੈਸੇ ਕਢਵਾਉਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੋਰਿੰਡਾ ਸ਼ਹਿਰੀ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਵਾਸੀ ਪਿੰਡ ਬਹਿਰਾਮਪੁਰ ਜ਼ਿਮੀਂਦਾਰਾ ਰੋਪੜ ਨੇ ਪੁਲੀਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਸੀ ਕਿ ਬੀਤੇ ਦਿਨੀਂ ਉਹ ਮੋਰਿੰਡਾ ਦੇ ਬੱਸ ਸਟੈਂਡ ਨੇੜਲੇ ਐੱਸਬੀਆਈ ਬੈਂਕ ਦੇ ਏਟੀਐਮ ਵਿੱਚੋਂ ਪੈਸੇ ਕਢਵਾ ਰਿਹਾ ਸੀ ਕਿ ਉਸ ਦੇ ਪਿੱਛੇ ਖੜ੍ਹੇ ਇੱਕ ਨੌਜਵਾਨ ਨੇ ਉਸ ਨੂੰ ਗੱਲਾਂ ਵਿੱਚ ਲਾ ਕੇ ਉਸ ਦਾ ਏਟੀਐਮ ਕਾਰਡ ਬਦਲ ਲਿਆ। ਉਸ ਦੀ ਥਾਂ ’ਤੇ ਕੋਈ ਹੋਰ ਏਟੀਐਮ ਰੱਖਕੇ ਉਸ ਦੇ ਖਾਤੇ ਵਿੱਚੋਂ ਧੋਖੇ ਨਾਲ 122999 ਰੁਪਏ ਕਢਵਾ ਲਏ। ਐੱਸਐੱਚਓ ਅਨੁਸਾਰ ਮੋਰਿੰਡਾ ਪੁਲੀਸ ਨੇ ਜਗਜੀਤ ਸਿੰਘ ਦੇ ਬਿਆਨ ’ਤੇ ਅਣਪਛਾਤੇ ਨੌਜਵਾਨਾਂ ਵਿਰੁੱਧ ਕੇਸ ਦਰਜ ਕਰਕੇ ਭਾਲ ਸ਼ੁਰੂ ਕੀਤੀ ਸੀ। ਮਾਮਲੇ ਦੀ ਤਫ਼ਤੀਸ਼ ਦੌਰਾਨ ਅੱਜ ਦੋ ਮੁਲਜ਼ਮ ਬਿੱਟੂ ਅਤੇ ਦੀਪਕ ਵਾਸੀ ਜਗਦੀਸ਼ ਕਲੋਨੀ ਹਾਂਸੀ ਜ਼ਿਲ੍ਹਾ ਹਿਸਾਰ ( ਹਰਿਆਣਾ) ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ 25000 ਰੁਪਏ ਨਗਦ ਬਰਾਮਦ ਕੀਤੇ ਹਨ।