ਹਰਜੀਤ ਪਰਮਾਰ
ਬਟਾਲਾ, 20 ਜੁਲਾਈ
ਸਥਾਨਕ ਸੀਆਈਏ ਸਟਾਫ਼ ਨੇ ਟਰੱਕ ਸਵਾਰ ਦੋ ਵਿਅਕਤੀਆਂ ਨੂੰ 23 ਕਿੱਲੋ ਅਫ਼ੀਮ ਤੇ 50 ਹਜ਼ਾਰ ਦੀ ਨਕਦੀ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਟਰੱਕ ਜ਼ਬਤ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਟਰੱਕ ਮਾਲਕ ਸੁਖਵਿੰਦਰ ਸਿੰਘ ਉਰਫ਼ ਸ਼ਿੰਦਾ ਤੇ ਉਸ ਦੇ ਸਾਲੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਵਜੋਂ ਹੋਈ ਹੈ, ਜੋ ਟਰੱਕ ਕਲੀਨਰ ਹੈ। ਡੀਐੱਸਪੀ (ਡੀ) ਜਸਵੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਬਟਾਲਾ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਹਰਮੀਕ ਸਿੰਘ ਨੇ ਪੁਲੀਸ ਪਾਰਟੀ ਸਣੇ ਪੁਲ ਸੂਆ ਨੱਤ ਜਲੰਧਰ ਰੋਡ ’ਤੇ ਨਾਕਾਬੰਦੀ ਕੀਤੀ ਹੋਹੀ ਸੀ। ਸੂਚਨਾ ਮਿਲੀ ਸੀ ਕਿ ਦੋਵੇਂ ਮੁਲਜ਼ਮ ਹੋਰਨਾਂ ਸੂਬਿਆਂ ਤੋਂ ਅਫ਼ੀਮ ਲਿਆ ਕੇ ਇਥੇ ਵੇਚਦੇ ਹਨ ਤੇ ਕੱਲ੍ਹ ਇਹ ਦੋਵੇਂ ਟਰੱਕ ਵਿੱਚ ਅਫ਼ੀਮ ਲੈ ਕੇ ਬਟਾਲਾ ਵੱਲ ਆ ਰਹੇ ਹਨ।
ਡੀਐੱਸਪੀ ਨੇ ਦੱਸਿਆ ਕਿ ਪੁਲੀਸ ਨੇ ਦੋਵਾਂ ਨੂੰ ਕਾਬੂ ਕਰ ਕੇ ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 23 ਕਿੱਲੋ ਅਫ਼ੀਮ ਤੇ 50 ਹਜ਼ਾਰ ਰੁਪਏ ਬਰਾਮਦ ਹੋਏ। ਪੁਲੀਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਟਰੱਕ, ਅਫ਼ੀਮ ਤੇ ਨਕਦੀ ਆਪਣੇ ਕਬਜ਼ੇ ’ਚ ਲੈ ਲਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਇਲਾਕੇ ਚ ਨਸ਼ਾ ਕਿਸੇ ਵੀ ਕੀਮਤ ਤੇ ਵਿਕਣ ਨਹੀਂ ਦੇਵੇਗੀ। ਇਸ ਮੌਕੇ ਉਨ੍ਹਾਂ ਨਾਲ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਹਰਮੀਕ ਸਿੰਘ, ਥਾਣਾ ਰੰਗੜ ਨੰਗਲ ਦੇ ਐੱਸਐੱਚਓ ਮਨਬੀਰ ਸਿੰਘ ਤੇ ਹੋਰ ਪੁਲੀਸ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ।