ਖੇਤਰੀ ਪ੍ਰਤੀਨਿਧ
ਪਟਿਆਲਾ, 19 ਜੁਲਾਈ
ਇਥੇ ਸਥਿਤ ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਰ ਦੀ ਕੰਧ ’ਤੇ ਚਾਰ ਦਿਨ ਪਹਿਲਾਂ ਖਾਲਿਸਤਾਨ ਪੱਖੀ ਪੋਸਟਰ ਲਾਉਣ ਦੇ ਦੋਸ਼ ਹੇਠ ਪੁਲੀਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ‘ਸਿੱਖਸ ਫਾਰ ਜਸਟਿਸ’ (ਐੱਸਐੱਫਜੇ) ਨਾਲ ਸਬੰਧਤ ਹਨ। ਉਨ੍ਹਾਂ ਨੂੰ ਪੋਸਟਰ ਲਾਉਣ ਵਿਦੇਸ਼ ਤੋਂ ਪੈਸੇ ਮਿਲੇ ਸਨ। ਆਈਜੀ ਐੱਮ ਐੱਸ ਛੀਨਾ ਅਤੇ ਐੱਸਐੱਸਪੀ ਦੀਪਕ ਪਾਰਿਕ ਨੇ ਅੱਜ ਦੇਰ ਸ਼ਾਮ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਪ੍ਰਿੰਸ ਅਤੇ ਪ੍ਰੇਮ ਸਿੰਘ ਪ੍ਰੇਮ ਉਰਫ ਏਕਮ ਵਾਸੀਆਨ ਪਿੰਡ ਸਲੇਮਪੁਰ ਸੇਖਾਂ ਥਾਣਾ ਸ਼ੰਭੂ ਵਜੋਂ ਹੋਈ ਹੈ। ਇਨ੍ਹਾਂ ਕੋਲ਼ੋਂ ਖਾਲਿਸਤਾਨ ਰਾਇਸ਼ੁਮਾਰੀ ਨਾਲ ਸਬੰਧਤ 13 ਪੋਸਟਰ, ਪੋਸਟਰ ਲਾਉਣ ਮੌਕੇ ਵਰਤੇ ਗਏ ਦੋ ਮੋਬਾਈਲ ਫੋਨ ਅਤੇ ਸਾਈਕਲ ਵੀ ਬਰਾਮਦ ਕੀਤੇ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਜਾਂਚ ਦੀ ਨਿਗਰਾਨੀ ਡੀਜੀਪੀ ਵੱਲੋਂ ਕੀਤੀ ਜਾ ਰਹੀ ਸੀ। ਆਈਜੀ ਛੀਨਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਹ ਪੋੋਸਟਰ ਵਿਦੇਸ਼ੀ ਤੋਂ ਪੈਸੇ ਲੈ ਕੇ ਅਤੇ ਵਿਦੇਸ਼ ਵਿੱਚ ਵਸਣ ਦੀ ਪੇਸ਼ਕਸ਼ ਲਈ ਲਾਏ ਸਨ। ਪ੍ਰਿੰਸ ਦੋ ਸਾਲ ਮਲੇਸ਼ੀਆ ਵਿੱਚ ਰਹਿ ਚੁੱਕਾ ਹੈ ਤੇ ਉਥੇ ਕੁੱਝ ਦੇਸ਼ ਵਿਰੋਧੀ ਅਨਸਰਾਂ ਦੇ ਸੰਪਰਕ ਵਿੱਚ ਆ ਗਿਆ ਸੀ। ਮਲੇਸ਼ੀਆ ਤੋਂ ਵਾਪਸ ਆਉਣ ਮਗਰੋਂ ਵੀ ਉਹ ਵ੍ਹਟਸਐਪ ਰਾਹੀਂ ਉਨ੍ਹਾਂ ਦੇ ਸੰਪਰਕ ਵਿੱਚ ਸੀ। ਪੰਜਾਬ ਦੀਆਂ ਵੱਖ-ਵੱਖ ਥਾਵਾਂ ’ਤੇ ਪੋਸਟਰ ਚਿਪਕਾਉਣ ਮਗਰੋਂ ਵਿਦੇਸ਼ੀ ਹੈਂਡਲਰ ਨੇ ਉਸ ਨੂੰ ਪੈਸੇ ਟਰਾਂਸਫਰ ਕਰ ਦਿੱਤੇ ਸਨ। ਐੱਸਐੱਸਪੀ ਪਾਰਿਕ ਨੇ ਦੱਸਿਆ ਕਿ ਮੁਲਜ਼ਮਾਂ ਨੇ ਅੰਬਾਲਾ, ਰਾਜਪੁਰਾ, ਪਟਿਆਲਾ ਅਤੇ ਬਹਾਦਰਗੜ੍ਹ ਆਦਿ ਥਾਵਾਂ ’ਤੇ ਵੀ ਇਸ ਤਰ੍ਹਾਂ ਦੇ ਪੋਸਟਰ ਲਾਏ ਸਨ।