ਪੱਤਰ ਪ੍ਰੇਰਕ
ਅੰਮ੍ਰਿਤਸਰ, 14 ਮਾਰਚ
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਬੀਤੇ ਦਿਨ ਦੋ ਵਿਅਕਤੀਆਂ ਵੱਲੋਂ ਇਕ ਸ਼ਰਧਾਲੂ ਨੂੰ ਪ੍ਰਸ਼ਾਦ ਵਿੱਚ ਜ਼ਹਿਰ ਦੇਣ ਦੇ ਮਾਮਲੇ ਸਬੰਧੀ ਪੁਲੀਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪ੍ਰਸ਼ਾਦ ਖਾਣ ਮਗਰੋਂ ਗੁਰਦਾਸਪੁਰ ਦੇ ਕਲਾਨੌਰ ਦੇ ਵਾਸੀ ਪਿਆਰਾ ਸਿੰਘ ਦੀ ਮੌਤ ਹੋ ਗਈ ਸੀ। ਪੁਲੀਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਬਟਾਲਾ ਦੇ ਬਿੱਟੂ ਅਤੇ ਕਾਦੀਆਂ ਦੇ ਗੁਰਦਾਸ ਸਿੰਘ ਵਜੋਂ ਹੋਈ ਹੈ। ਐਡੀਸ਼ਨਲ ਡਿਪਟੀ ਕਮਿਸ਼ਨਰ ਪੁਲੀਸ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਮੋਬਾਈਲ, ਅੰਗੂਠੀ ਸਮੇਤ ਲੱਡੂ ਤੇ ਜ਼ਹਿਰੀਲਾ ਪਾਊਡਰ ਬਰਾਮਦ ਕੀਤਾ ਹੈ। ਮੁੱਢਲੀ ਜਾਂਚ ਅਨੁਸਾਰ ਇਹ ਦੋਵੇਂ ਵਿਅਕਤੀ ਉਸ ਪੰਜ ਮੈਂਬਰੀ ਗੈਂਗ ਦੇ ਮੈਂਬਰ ਹਨ, ਜਿਹੜੇ ਧਾਰਮਿਕ ਸਥਾਨਾਂ ’ਤੇ ਸ਼ਰਧਾਲੂਆਂ ਨੂੰ ਲੁੱਟਦੇ ਹਨ। ਉਨ੍ਹਾਂ ਕਿਹਾ ਕਿ ਤਿੰਨ ਬੰਦੇ ਲੁਧਿਆਣਾ ਨਾਲ ਸਬੰਧਤ ਹਨ।