ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਜੁਲਾਈ
ਇਥੋਂ ਦੀ ਪੁਲੀਸ ਨੇ ਨਾਬਾਲਿਗ ਲੜਕੀ ਨੂੰ ਵਰਗਲਾਉਣ ਤੇ ਅਗਵਾ ਕਰਨ ਦੇ ਮਾਮਲੇ ਵਿੱਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਤਿਅਮ ਕੁਮਾਰ ਵਾਸੀ ਬਿਹਾਰ ਅਤੇ ਸੁਸ਼ੀਲ ਕੁਮਾਰ ਵਾਸੀ ਹੱਲੋਮਾਜਰਾ ਵਜੋਂ ਹੋਈ ਹੈ। ਇਹ ਕਾਰਵਾਈ ਥਾਣਾ ਸੈਕਟਰ 31 ਦੀ ਪੁਲੀਸ ਵੱਲੋਂ ਕੀਤੀ ਗਈ। ਪੁਲੀਸ ਅਨੁਸਾਰ ਇਕ ਹਫ਼ਤਾ ਪਹਿਲਾਂ ਇਥੋਂ 12 ਸਾਲਾ ਲੜਕੀ ਗਾਇਬ ਹੋ ਗਈ ਸੀ ਜਿਸ ਸਬੰਧੀ ਪੀੜਤ ਪਰਿਵਾਰ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ। ਥਾਣਾ ਸੈਕਟਰ-31 ਦੀ ਪੁਲੀਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਨਾਬਾਲਿਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਦੋਵਾਂ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।