ਨਿੱਜੀ ਪੱਤਰ ਪ੍ਰੇਰਕ
ਮੋਗਾ, 8 ਅਪਰੈਲ
ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਮਾੜੀ ਮੁਸਤਫ਼ਾ ਵਿੱਚ ਬੀਤੀ 2 ਅਪਰੈਲ ਨੂੰ ਹੋਏ ਹਰਜੀਤ ਸਿੰਘ ਪਿੰਟਾ ਦੇ ਕਤਲ ਸਬੰਧੀ ਪੁਲੀਸ ਨੇ ਦੋ ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ ’ਚੋਂ ਇੱਕ ਦਿੱਲੀ ਦੇ ਨੰਗਲੋਈ ਇਲਾਕੇ ਦੀ ਰਹਿਣ ਵਾਲੀ ਲੜਕੀ ਹੈ, ਜੋ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਜ਼ਿੰਮੇਵਾਰੀ ਲੈਣ ਲਈ ਬਣਾਏ ਗਏ ਸੋਸ਼ਲ ਮੀਡੀਆ ਪੇਜ ਲਈ ਕੰਮ ਕਰਦੀ ਸੀ।
ਫ਼ਰੀਦਕੋਟ ਰੇਂਜ ਦੇ ਆਈਜੀ ਪਰਦੀਪ ਕੁਮਾਰ ਯਾਦਵ ਨੇ ਦੱਸਿਆ ਕਿ ਗੈਂਗਸਟਰ ਪਿੰਟਾ ਦੀ ਹੱਤਿਆ ਬੰਬੀਹਾ ਤੇ ਲਾਰੈਂਸ ਬਿਸ਼ਨੋਈ ਦੀ ਦੁਸ਼ਮਣੀ ਕਾਰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿੰਟਾ ਨੂੰ ਗੋਲੀ ਮਨਪ੍ਰੀਤ ਸਿੰਘ ਮੰਨੂ ਵਾਸੀ ਕੁੱਸਾ ਅਤੇ ਪ੍ਰੇਮ ਵਾਸੀ ਚੋਹਲਾ ਸਾਹਿਬ ਨੇ ਮਾਰੀ ਸੀ, ਜੋ ਫਿਲਹਾਲ ਫ਼ਰਾਰ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਅਨਮੋਲ ਬਿਸ਼ਨੋਈ ਵਾਸੀ ਦੁਤਾਰਵਾਲੀ (ਫ਼ਾਜ਼ਿਲਕਾ) ਨੂੰ ਵੀ ਕੇਸ ’ਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਚਮਕੌਰ ਸਿੰਘ ਉਰਫ ਬੇਅੰਤ ਸਿੰਘ ਅਤੇ ਧਰਮਿੰਦਰ ਸਿੰਘ ਉਰਫ ਬਾਜੀ ਵਾਸੀ ਦੁਸਾਂਝ ਤੋਂ ਕੀਤੀ ਗਈ ਪੁੱਛ-ਪੜਤਾਲ ਤੋਂ ਪਤਾ ਲੱਗਿਆ ਕਿ ਬੰਬੀਹਾ ਗਰੁੱਪ ਨਾਲ ਸਬੰਧਤ ਪਿੰਟਾ ਦੀ ਬਿਸ਼ਨੋਈ ਗਰੁੱਪ ਦੇ ਸ਼ੂਟਰ ਮਨਪ੍ਰੀਤ ਮੰਨਾ ਨਾਲ ਪੁਰਾਣੀ ਦੁਸ਼ਮਣੀ ਸੀ ਅਤੇ ਇਸੇ ਦੇ ਚੱਲਦਿਆਂ ਮੰਨਾ ਨੇ ਪਿੰਟਾ ਦੀ ਹੱਤਿਆ ਕਰ ਦਿੱਤੀ।
ਆਈਜੀ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਲਈ ਬਣਾਏ ਗਏ ਸੋਸ਼ਲ ਮੀਡੀਆ ਪੇਜ ਦੀ ਪੜਤਾਲ ਲਈ ਮੋਗਾ ਪੁਲੀਸ ਦੀ ਟੀਮ ਦਿੱਲੀ ਗਈ ਸੀ ਅਤੇ ਉਥੋਂ ਦੇ ਨੰਗਲੋਈ ਇਲਾਕੇ ਤੋਂ ਪੁਲੀਸ ਨੇ ਪੇਜ ਲਈ ਕੰਮ ਕਰਨ ਵਾਲੀ ਲੜਕੀ ਰੁਪਾਂਜਲੀ ਸਮੇਤ ਇੱਕ ਹੋਰ ਵਿਅਕਤੀ ਪਰਬਤ ਸਿੰਘ ਵਾਸੀ ਕੁੱਸਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲੀਸ ਨੇ ਵਾਰਦਾਤ ਲਈ ਵਰਤਿਆ ਗਿਆ ਮੋਟਰਸਾਈਕਲ ਅਤੇ ਪਿਸਤੌਲ ਵੀ ਬਰਾਮਦ ਕੀਤਾ ਹੈ।
ਥਾਣਾ ਬਾਘਾਪੁਰਾਣਾ ਦਾ ਮੁਖੀ ਮੁਅੱਤਲ
ਆਈਜੀ ਯਾਦਵ ਨੇ ਦੱਸਿਆ ਕਿ ਹਰਜੀਤ ਪਿੰਟਾ ‘ਬੀ’ ਸ਼੍ਰੇਣੀ ਦਾ ਗੈਂਗਸਟਰ ਸੀ। ਉਸ ਖ਼ਿਲਾਫ ਆਰਮਜ਼ ਐਕਟ ਤਹਿਤ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਕੇਸ ਦਰਜ ਸੀ। ਥਾਣਾ ਬਾਘਾਪੁਰਾਣਾ ਦੇ ਤਤਕਾਲੀ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਸੀ ਪਰ ਉਸ ਨੇ ਅਣਗਹਿਲੀ ਵਰਤੀ, ਜਿਸ ਕਾਰਨ ਉਸ ਨੂੰ ਮੁਅੱਤਲ ਕਰ ਕੇ ਵਿਭਾਗੀ ਪੜਤਾਲ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਦੌਰਾਨ ਇੱਕ ਹੋਰ ‘ਲੰਡੀ’ ਨਾਂ ਦੇ ਵਿਅਕਤੀ ਦੀ ਜਾਨ ਬਚ ਗਈ ਹੈ। ‘ਲੰਡੀ’ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਰੋਹਿਤ ਵਾਸੀ ਬਾਘਾਪੁਰਾਣਾ, ਬੂਟਾ ਵਾਸੀ ਜੈਮਲਵਾਲਾ ਅਤੇ ਧਰਮਪ੍ਰੀਤ ਵਾਸੀ ਚੰਦਨਵਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।