ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਜੂਨ
ਪਟਿਆਲਾ ਪੁਲੀਸ ਅਤੇ ਆਬਕਾਰੀ ਵਿਭਾਗ ਪੰਜਾਬ ਨੇ ਪੈਰਾ-ਮਿਲਟਰੀ ਫੋਰਸ ਦੇ ਭੇਸ ਵਿੱਚ ਅੰਤਰ-ਰਾਜੀ ਪੱਧਰ ’ਤੇ ਸ਼ਰਾਬ ਦੀ ਤਸਕਰੀ ਕਰਨ ਦੇ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸਾਂਝੀ ਕਾਰਵਾਈ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਅੰਗਰੇਜ਼ੀ ਸ਼ਰਾਬ ਦੀਆਂ 4400 ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਮੁਲਜ਼ਮਾਂ ਕੋਲੋਂ ਆਈਟੀਬੀ ਦੀਆਂ ਚਾਰ ਵਰਦੀਆਂ ਤੇ ਆਰਮੀਨੁਮਾ ਦਿੱਖ ਵਾਲਾ ਇੱਕ ਕੈਂਟਰ ਵੀ ਬਰਾਮਦ ਕੀਤਾ ਗਿਆ ਹੈ। ਪਟਿਆਲਾ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਅੱਜ ਸ਼ਾਮ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਨਾਲ ਸਬੰਧਤ ਹਨ, ਜਿਨ੍ਹਾਂ ਦੀ ਪਛਾਣ ਸਰਬਜੀਤ ਸਿੰਘ ਵਾਸੀ ਪਿੰਡ ਬਹਿਲੋਲੀ ਤੇ ਸੁਰਿੰਦਰ ਸਿੰਘ ਸੇਮ ਵਾਸੀ ਸੈਣੀਮਾਜਰਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਗੁਪਤ ਜਾਣਕਾਰੀ ਦੇ ਆਧਾਰ ’ਤੇ ਥਾਣਾ ਖੇੜੀ ਗੰਡਿਆਂ ਦੇ ਇਲਾਕੇ ਵਿੱਚ ਨਾਕਾਬੰਦੀ ਕੀਤੀ ਗਈ ਸੀ। ਜ਼ਬਤ ਕੀਤੇ ਗਏ ਟਰੱਕ ’ਤੇ ਅੱਗੇ-ਪਿਛੇ ਪੁਲੀਸ ਲਿਖਿਆ ਹੋਇਆ ਸੀ ਤੇ ਇਸ ’ਚ ਸਵਾਰ ਦੋਵੇਂ ਮੁਲਜ਼ਮਾਂ ਨੇ ਆਈਟੀਬੀਪੀ ਦੇ ਜਵਾਨਾਂ ਵਰਗੀ ਵਰਦੀ ਪਾਈ ਹੋਈ ਸੀ। ਜਦੋਂ ਉਨ੍ਹਾਂ ਟਰੱਕ ਨੂੰ ਰੋਕਣਾ ਚਾਹਿਆ ਤਾਂ ਮੁਲਜ਼ਮਾਂ ਨੇ ਜਾਅਲੀ ਪਛਾਣ ਪੱਤਰ ਦਿਖਾਏ, ਪਰ ਟਰੱਕ ਵਿੱਚ ਰੱਖੀਆਂ 400 ਪੇਟੀਆਂ ਸ਼ਰਾਬ ਸਬੰਧੀ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਮੁਲਜ਼ਮਾਂ ਨੇ ਮੁੱਢਲੀ ਜਾਂਚ ਦੌਰਾਨ ਮੰਨਿਆ ਹੈ ਕਿ ਉਹ ਇੱਕ ਸਾਲ ਤੋਂ ਇਹ ਤਸਕਰੀ ਕਰ ਰਹੇ ਸਨ।
ਐੱਸਐੱਸਪੀ ਨੇ ਦੱਸਿਆ ਕਿ ਡੀਜੀਪੀ ਵੀ ਕੇ ਭਾਵਰਾ ਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਨਾਲ ਵਿਚਾਰ ਕਰਨ ਮਗਰੋਂ ਪਟਿਆਲਾ ਦੇ ਆਈਜੀ ਮੁਖਵਿੰਦਰ ਛੀਨਾ ਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਇਹ ਗ੍ਰਿਫਾਤਰੀ ਕੀਤੀ ਗਈ। ਡੀਐੱਸਪੀ ਜਸਵਿੰਦਰ ਟਿਵਾਣਾ ਨੇ ਦੱਸਿਆ ਕਿ ਇਸ ਸਬੰਧੀ ਕੇਸ ਥਾਣਾ ਖੇੜੀ ਗੰਡਿਆਂ ਵਿੱਚ ਦਰਜ ਕੀਤਾ ਗਿਆ ਹੈ। ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਮੁਲਜ਼ਮਾਂ ਦਾ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।