ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਜੂਨ
ਘੱਲੂਘਾਰਾ ਦਿਵਸ ’ਤੇ ਸ੍ਰੀ ਅਕਾਲ ਤਖਤ ਨੇੜੇ ਰੈਫਰੈਂਡਮ ਜ਼ਿੰਦਾਬਾਦ ਅਤੇ ਖਾਲਿਸਤਾਨ ਜ਼ਿੰਦਾਬਾਦ ਤੇ ਭੜਕਾਊ ਬਿਆਨਬਾਜ਼ੀ ਨਾਲ ਤਣਾਅ ਪੈਦਾ ਕਰਨ ਦਾ ਯਤਨ ਦੇ ਦੋਸ਼ ਹੇਠ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਮਨਜੀਤ ਸਿੰਘ ਉਰਫ ਬਾਬਾ ਵਾਸੀ ਪਿੰਡ ਜੌੜ, ਗੁਰਦਾਸਪੁਰ ਅਤੇ ਸੌਦਾਗਰ ਸਿੰਘ ਉਰਫ ਸੌਦਾਗਰ ਵਾਸੀ ਪਿੰਡ ਵਿਰਕ, ਲੁਧਿਆਣਾ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਥਾਣਾ ਈ ਡਿਵੀਜ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਗਲਿਆਰਾ ਚੌਕੀ ਦੇ ਸਬ ਇੰਸਪੈਕਟਰ ਪਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਹੋਇਆ ਹੈ। ਇਨ੍ਹਾਂ ਵਿਅਕਤੀਆਂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਨੂੰ ਦੇਖਣ ਤੋਂ ਬਾਅਦ ਪੁਲੀਸ ਵੱਲੋਂ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵੀਡੀਓ ਵਿਚ ਇਹ ਦੋਵੇਂ ਸ੍ਰੀ ਅਕਾਲ ਤਖ਼ਤ ਦੇ ਨੇੜੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਕੋਲ ਖੜ੍ਹੇ ਭਾਸ਼ਣ ਦਿੰਦੇ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚੋਂ ਇਕ ਆਪਣੇ ਭਾਸ਼ਣ ਦੌਰਾਨ ਰੈਡਰੈਂਡਮ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਰਿਹਾ ਹੈ। ਉਹ ਮੌਜੂਦਾ ਪ੍ਰਬੰਧਕਾਂ ’ਤੇ ਵੀ ਅਸਫ਼ਲ ਰਹਿਣ ਦਾ ਦੋਸ਼ ਲਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਵਾਇਰਲ ਕਰਕੇ ਦਾਅਵਾ ਕੀਤਾ ਸੀ ਕਿ ਘੱਲੂਘਾਰਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਤੋਂ ‘ਰੈਫਰੈਂਡਮ’ ਦੀ ਮਿਤੀ ਦਾ ਐਲਾਨ ਕੀਤਾ ਜਾਵੇਗਾ। ਵੀਡੀਓ ਵਿੱਚ ਭਾਵੇਂ ਉਨ੍ਹਾਂ ਰੈਫਰੈਂਡਮ ਦੀ ਮਿਤੀ ਬਾਰੇ ਕੋਈ ਗੱਲ ਨਹੀਂ ਕੀਤੀ ਹੈ ਪਰ ਰੈਫਰੈਂਡਮ ਜ਼ਿੰਦਾਬਾਦ ਦਾ ਨਾਅਰਾ ਲਾਇਆ।