ਪੱਤਰ ਪ੍ਰੇਰਕ
ਜਗਰਾਉਂ, 15 ਨਵੰਬਰ
ਕਾਊਂਟਰ ਇੰਟੈਲੀਜੈਂਸ ਅਤੇ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਜਲਾਲਬਾਦ ਮੋਟਰਸਾਈਕਲ ਟਿਫਨ ਬੰਬ ਬਲਾਸਟ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਜਸਵੰਤ ਸਿੰਘ ਵਾਸੀ ਪਿੰਡ ਨਿਹੰਗਾਂ ਦੇ ਝੁੱਗੇ (ਫਿਰੋਜ਼ਪੁਰ) ਅਤੇ ਬਲਵੰਤ ਸਿੰਘ ਵਾਸੀ ਵਲੀਪੁਰ ਖੁਰਦ ਨੂੰ ਅਦਾਲਤ ਨੇ ਰਿਮਾਂਡ ਖਤਮ ਹੋਣ ਮਗਰੋਂ ਜੇਲ੍ਹ ਭੇਜ ਦਿੱਤਾ ਹੈ। ਪੁਲੀਸ ਨੇ ਅੱਜ ਹੋਰ ਰਿਮਾਂਡ ਹਾਸਲ ਕਰਨ ਲਈ ਦੋਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਸੀ, ਪਰ ਅਦਾਲਤ ਨੇ ਦੋਵਾਂ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਦਾ ਅਦਾਲਤ ਨੇ 17 ਨਵੰਬਰ ਤੱਕ ਰਿਮਾਂਡ ਦਿੱਤਾ ਹੋਇਆ ਹੈ। ਰਣਜੀਤ ਸਿੰਘ ਦੇ ਭਰਾ ਮਨਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁਕਤਸਰ ਜੇਲ੍ਹ ’ਚ ਨਜ਼ਰਬੰਦ ਸੁਖਦੇਵ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ। ਅਦਾਲਤ ਨੇ ਉਸ ਦਾ 18 ਨਵੰਬਰ ਤੱਕ ਰਿਮਾਂਡ ਦਿੱਤਾ ਹੈ।