ਅਸ਼ਵਨੀ ਗਰਗ
ਸਮਾਣਾ, 12 ਨਵੰਬਰ
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਮਿਸ਼ਨ ਪੰਜਾਬ 2022 ਲਈ ਰਛਪਾਲ ਸਿੰਘ ਜੌੜਾਮਾਜਰਾ ਨੂੰ ਪੰਜਾਬ ਦਾ ਮੁਖੀ ਥਾਪਿਆ ਤੇ ਨਾਲ ਹੀ ਉਨ੍ਹਾਂ ਜੌੜਾਮਾਜਰਾ ਨੂੰ ਵਿਧਾਨ ਸਭਾ ਹਲਕਾ ਸਮਾਣਾ ਤੋਂ ਉਮੀਦਵਾਰ ਵੀ ਐਲਾਨਿਆ। ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਕਿਸਾਨ ਉਮੀਦਵਾਰ ਖੜ੍ਹੇ ਕੀਤੇ ਜਾਣਗੇ।
ਇੱਥੇ ਰਛਪਾਲ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਖ਼ਤਮ ਕਰਨ ’ਤੇ ਤੁਲੀ ਹੋਈ ਹੈ, ਜਿਸ ਦਾ ਪ੍ਰਤੱਖ ਪ੍ਰਮਾਣ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਹਨ। ਉਨ੍ਹਾਂ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਵੱਖ ਵੱਖ ਸਿਆਸੀ ਪਾਰਟੀਆਂ ਨੇ ਕਿਸਾਨਾਂ ਨੂੰ ਅੱਜ ਤੱਕ ਸੁਫ਼ਨੇ ਦਿਖਾ ਕੇ ਸੱਤਾ ’ਤੇ ਰਾਜ ਕੀਤਾ ਹੈ। ਕਿਸੇ ਵੀ ਪਾਰਟੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਹੀਂ ਦਿੱਤਾ ਪਰ ਹੁਣ ਦੇਸ਼ ਦਾ ਕਿਸਾਨ ਜਾਗ ਚੁੱਕਾ ਹੈ ਤੇ ਉਹ ਇਨ੍ਹਾਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਮੂੰਹ ਨਹੀਂ ਲਗਾਵੇਗਾ। ਸ੍ਰੀ ਚੜੂਨੀ ਨੇ ਕਿਹਾ ਕਿ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਲਈ ਇਸ ਵਾਰ ਕਿਸਾਨਾਂ ਨੂੰ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਉਤਾਰਿਆ ਜਾਵੇਗਾ ਤੇ ਸੂਬੇ ਵਿੱਚ ਕਿਸਾਨਾਂ ਦੀ ਸਰਕਾਰ ਬਣਾਈ ਜਾਵੇਗੀ।
ਰਛਪਾਲ ਸਿੰਘ ਜੌੜਾਮਾਜਰਾ ਨੇ ਚੜੂਨੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲੈਂਦਿਆਂ ਕਿਸਾਨੀ ਘੋਲ ਲਈ ਹਰ ਸਮੇਂ ਤਿਆਰ ਰਹਿਣ ਦੀ ਗੱਲ ਆਖੀ।