ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਮਾਰਚ
ਪਟਿਆਲਾ ਸ਼ਹਿਰੀ ਹਲਕੇ ਵਿੱਚ ਮਜ਼ਬੂਤ ਆਧਾਰ ਰੱਖਣ ਵਾਲੇ ਅਤੇ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸ਼ਾਹੀ ਘਰਾਣੇ ਨਾਲ ਸਬੰਧਤ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਖਾਤਾ ਵੀ ਨਾ ਖੋਲ੍ਹ ਸਕੀ। ਪਟਿਆਲਾ ’ਤੇ ਲਗਾਤਾਰ 20 ਸਾਲਾਂ ਤੋਂ ਕਾਬਜ਼ ਕੈਪਟਨ ਅਮਰਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਅਜੀਤਪਾਲ ਸਿੰਘ ਕੋਹਲੀ ਨੇ 19,873 ਵੋਟਾਂ ਦੇ ਫਰਕ ਨਾਲ ਹਰਾਇਆ। ਕੋਹਲੀ ਪਰਿਵਾਰ ਦੇ ਘਰ ਢਾਈ ਦਹਾਕਿਆਂ ਮਗਰੋਂ ਜਿੱਤ ਦੇ ਜ਼ਸ਼ਨ ਮਨਾਏ ਗਏ ਹਨ।
ਕੋਹਲੀ ਪਰਿਵਾਰ ਨੂੰ ਆਖ਼ਰੀ ਵਾਰ ਇਸ ਹਲਕੇ ਤੋਂ 1997 ’ਚ ਜਿੱਤ ਹਾਸਲ ਹੋਈ ਸੀ, ਜਿਸ ਦੌਰਾਨ ਸੁਰਜੀਤ ਸਿੰਘ ਕੋਹਲੀ ਜਿੱੱਤਣ ਮਗਰੋਂ ਵਜ਼ੀਰ ਬਣੇ ਸਨ। ਇਸ ਮਗਰੋਂ ਭਾਵੇਂ ਉਨ੍ਹਾਂ ਨੇ ਚੋਣਾਂ ਲੜੀਆਂ ਪਰ ਮੁੜ ਵਿਧਾਨ ਸਭਾ ਦੀਆਂ ਪੌੜੀਆਂ ਨਾ ਚੜ੍ਹ ਸਕੇ। ਉਹ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਕੋਲੋਂ ਹੀ ਹਾਰਦੇ ਰਹੇ ਪਰ ਐਤਕੀਂ ਅਜੀਤਪਾਲ ਕੋਹਲੀ ਨੇ ਕੈਪਟਨ ਨੂੰ ਹਰਾ ਕੇ ਵਿਧਾਇਕੀ ਮੁੜ ਕੋਹਲੀ ਪਰਿਵਾਰ ਦੇ ਦਰਾਂ ’ਤੇ ਲਿਆ ਕੇ ਖੜ੍ਹੀ ਕਰ ਦਿੱਤੀ। ਉਂਝ 2002 ਤੋਂ 2017 ਤੱਕ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਉਮੀਦਵਾਰ ਵਜੋਂ ਹਰ ਵਾਰ ਇਥੋਂ ਚੋਣ ਲੜੀ, ਜਿਸ ਦੌਰਾਨ ਉਹ ਹਜ਼ਾਰਾਂ ਵੋਟਾਂ ਦੀ ਲੀਡ ਨਾਲ ਜਿੱਤਦੇ ਰਹੇ। ਮੁੱਖ ਮੰਤਰੀ ਹੋਣ ਦੇ ਬਾਵਜੂਦ ਹਲਕੇ ਦੀ ਸਾਰ ਨਾ ਲੈਣ ਕਾਰਨ ਇਸ ਵਾਰ ਪਟਿਆਲਾ ਵਾਸੀ ਅਮਰਿੰਦਰ ਸਿੰਘ ਕੋਲੋਂ ਖਫ਼ਾ ਸਨ, ਉਪਰੋਂ ਉਨ੍ਹਾਂ ਕਾਂਗਰਸ ਨਾਲੋਂ ਵੱਖ ਹੋ ਕੇ ਵੱਖਰੀ ਪਾਰਟੀ ਬਣਾ ਲਈ ਸੀ, ਜਿਸ ਕਾਰਨ ਲੋਕਾਂ ਨੇ ਐਤਕੀਂ ਕੈਪਟਨ ਖ਼ਿਲਾਫ਼ ਭੁਗਤ ਕੇ ਆਪਣੇ ਗੁੱੱਸੇ ਦਾ ਇਜ਼ਹਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਅਜੀਤਪਾਲ ਕੋਹਲੀ ਇਥੋਂ ਦੇ ਸਭ ਤੋਂ ਛੋਟੀ ਉਮਰ ਦੇ ਵਿਧਾਇਕ ਵੀ ਬਣੇ ਹਨ।