ਰਵੇਲ ਸਿੰਘ ਭਿੰਡਰ
ਪਟਿਆਲਾ, 15 ਜੂਨ
ਰੁਜ਼ਗਾਰ ਪ੍ਰਾਪਤੀ ਦੀ ਮੰਗ ਸੰਬਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਥਾਨਕ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦੇ ਘਿਰਾਓ ਲਈ ਗਏ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ’ਤੇ ਅੱਜ ਪੁਲੀਸ ਬਲਾਂ ਵੱਲੋਂ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ ਪੁਲੀਸ ਨੇ ਮਹਿਲਾ ਕਾਰਕੁਨਾਂ ਸਮੇਤ ਪ੍ਰਦਰਸ਼ਨਕਾਰੀਆਂ ਨਾਲ ਖਿੱਚ-ਧੂਹ ਵੀ ਕੀਤੀ। ਮਗਰੋਂ ਪੁਲੀਸ ਨੇ ਸਵਾ ਸੌ ਦੇ ਕਰੀਬ ਸੰਘਰਸ਼ੀ ਕਾਰਕੁਨਾਂ ਨੂੰ ਜਬਰੀ ਹਿਰਾਸਤ ’ਚ ਲੈ ਕੇ ਵੱਖ-ਵੱਖ ਥਾਣਿਆਂ ’ਚ ਡੱਕ ਦਿੱਤਾ।
ਜਾਣਕਾਰੀ ਅਨੁਸਾਰ ਲੀਲਾ ਭਵਨ ਤੋਂ ਮੋਤੀ ਬਾਗ ਪੈਲੇਸ ਵੱਲ ਵਧੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਪੁਲੀਸ ਨੇ ਵਾਈਪੀਐੱਸ ਚੌਕ ਕੋਲ ਰੋਕ ਲਿਆ। ਜਦੋਂ ਉਨ੍ਹਾਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਮਾਮਲਾ ਵਧਦਾ ਦੇਖ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਜਬਰੀ ਹਿਰਾਸਤ ’ਚ ਲੈ ਕੇ ਸ਼ੁਤਰਾਣਾ, ਭੁੱਨਰਹੇੜੀ ਤੇ ਗਾਜੇਵਾਸ ਆਦਿ ਥਾਣਿਆਂ ’ਚ ਬੰਦ ਕਰ ਦਿੱਤਾ। ਪੁਲੀਸ ਦੇ ਜਬਰ ਅੱਗੇ ਇੱਕ ਮਹਿਲਾ ਕਾਰਕੁਨ ਬੇਹੋਸ਼ ਹੋ ਕੇ ਡਿੱਗ ਗਈ, ਜਿਸ ਨੂੰ ਐਂਬੂਲੈਂਸ ਰਾਹੀਂ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਤਰਸੇਮ ਬੋਹਾ, ਰਵਿੰਦਰ ਅਬੋਹਰ ਤੇ ਤਰਸੇਮ ਬੁੱਢਲਾਡਾ ਸਮੇਤ ਹੋਰ ਕਾਰਕੁਨ ਜ਼ਖ਼ਮੀ ਹੋ ਗਏ। ਪੁਲੀਸ ਦਾ ਸਖ਼ਤ ਰਵੱਈਆ ਦੇਖ ਕੇ ਉਨ੍ਹਾਂ ਬਾਅਦ ਵਿੱਚ ਪਟਿਆਲਾ-ਬਠਿੰਡਾ ਹਾਈਵੇਅ ’ਤੇ ਪਸਿਆਣਾ ਪਿੰਡ ਕੋਲ ਚੱਕਾ ਜਾਮ ਕਰ ਦਿੱਤਾ ਪਰ ਪੁਲੀਸ ਨੇ ਇੱਥੇ ਵੀ ਪ੍ਰਦਰਸ਼ਕਾਰੀਆਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ।
ਰੁਜ਼ਗਾਰ ਦੇਣ ਦੀ ਥਾਂ ਡਾਂਗਾਂ ਵਰ੍ਹਾ ਰਹੀ ਹੈ ਸਰਕਾਰ: ਪ੍ਰੈੱਸ ਸਕੱਤਰ
ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਦੀਪ ਬਨਾਰਸੀ ਨੇ ਦੱਸਿਆ ਕਿ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੌਰਾਨ ਡੇਢ ਦਰਜਨ ਕਾਰਕੁਨ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨਾਲ ਸਰਕਾਰ ਗੱਲਬਾਤ ਵੀ ਮਜ਼ਾਕ ਵਜੋਂ ਲੈ ਰਹੀ ਹੈ। ਪਿਛਲੇ ਦਿਨੀਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਦੁਵੱਲੀ ਗੱਲਬਾਤ ਦੌਰਾਨ ਸਰਕਾਰ ਨੇ ਮੰਗਾਂ ਮੰਨਣ ਸਬੰਧੀ ਲਿਖਤੀ ਭਰੋਸਾ ਦੇਣ ਤੋਂ ਟਾਲਾ ਵੱਟਿਆ ਸੀ, ਜਿਸ ਕਾਰਨ ਉਨ੍ਹਾਂ ਮੋਤੀ ਬਾਗ ਪੈਲੇਸ ਘੇਰਨ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਅਫਸੋਸ ਕਿ ਸਰਕਾਰ ਰੁਜ਼ਗਾਰ ਦੇਣ ਦੀ ਜਗ੍ਹਾ ਅਧਿਆਪਾਕਾਂ ’ਤੇ ਡਾਂਗਾਂ ਵਰ੍ਹਾ ਰਹੀ ਹੈ। ਅਜਿਹਾ ਕਰ ਕੇ ਸਰਕਾਰ ਵੱਲੋਂ ਉਨ੍ਹਾਂ ਨੂੰ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।