ਰਾਮ ਸਰਨ ਸੂਦ
ਅਮਲੋਹ, 19 ਜੁਲਾਈ
ਅਮਲੋਹ ਬਲਾਕ ਦੇ ਪਿੰਡ ਸਲਾਣੀ (ਬਸਤੀ) ’ਚ ਅੱਜ ਦਿਨ-ਦਿਹਾੜੇ ਤਿੰਨ ਨੌਜਵਾਨਾਂ ਨੇ ਖੁਦ ਨੂੰ ਬਿਜਲੀ ਮੁਲਾਜ਼ਮ ਦੱਸ ਕੇ ਇੱਕ ਘਰ ਵਿਚ ਇਕੱਲੀ ਔਰਤ ਨੂੰ ਦੇਖ ਕੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਔਰਤ ਦੀ ਕੁੱਟਮਾਰ ਵੀ ਕੀਤੀ। ਰੌਲਾ ਪਾਉਣ ’ਤੇ ਇਹ ਨੌਜਵਾਨ ਆਪਣੇ ਮੋਟਰਸਾਈਕਲ ’ਤੇ ਫਰਾਰ ਹੋ ਗਏ, ਜਿਨ੍ਹਾਂ ਨੂੰ ਬਾਅਦ ’ਚ ਲੋਕਾਂ ਨੇ ਪਿੱਛਾ ਕਰਕੇ ਬਾਈਪਾਸ ਰੋਡ ਅਮਲੋਹ ਤੋਂ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ ਗਿਆ।
ਸਥਾਨਕ ਸਿਵਲ ਹਸਪਤਾਲ ’ਚ ਦਾਖਲ ਜ਼ਖ਼ਮੀ ਔਰਤ ਅਮਰਜੀਤ ਕੌਰ ਪਤਨੀ ਕੌਰ ਸਿੰਘ ਨੇ ਦੱਸਿਆ ਕਿ ਦੁਪਹਿਰ 1 ਵਜੇ ਉਹ ਘਰ ਵਿਚ ਇਕੱਲੀ ਸੀ ਤਾਂ 3 ਨੌਜਵਾਨ ਉਸ ਦੇ ਘਰ ਆ ਕੇ ਕਹਿਣ ਲੱਗੇ ਕਿ ਉਹ ਬਿਜਲੀ ਵਾਲੇ ਹਨ। ਤੁਸੀਂ ਬਿਜਲੀ ਦੀ ਕੁੰਡੀ ਲਗਾਉਂਦੇ ਹੋ ਅਤੇ ਉਨ੍ਹਾਂ ਨੂੰ ਬਿਜਲੀ ਬਿੱਲ ਤੇ ਮੇਨ ਸਵਿੱਚ ਦਿਖਾਓ। ਉਹ ਮੇਨ ਸਵਿੱਚ ਦਿਖਾਉਣ ਲੱਗੀ ਤਾਂ ਇੱਕ ਨੌਜਵਾਨ ਨੇ ਉਸ ਦੀ ਬਾਂਹ ਫੜ ਲਈ ਅਤੇ ਕੁੱਟਮਾਰ ਕੀਤੀ। ਉਸ ਨੇ ਖੁਦ ਨੂੰ ਬਚਾ ਕੇ ਰੌਲਾ ਪਾਇਆ ਤਾਂ ਇਹ ਨੌਜਵਾਨ ਆਪਣੇ ਮੋਟਰ ਸਾਇਕਲ ’ਤੇ ਫ਼ਰਾਰ ਹੋ ਗਏ ਪ੍ਰੰਤੂ ਲੋਕਾਂ ਦੀ ਮਦਦ ਨਾਲ ਅਮਲੋਹ ਬਾਈਪਾਸ ’ਤੇ ਆ ਕੇ ਉਨ੍ਹਾਂ ਨੂੰ ਕਾਬੂ ਕਰਕੇ ਥਾਣਾ ਅਮਲੋਹ ਦੀ ਪੁਲੀਸ ਹਵਾਲੇ ਕਰ ਦਿੱਤਾ। ਇਸ ਸਬੰਧੀ ਜਦੋਂ ਥਾਣਾ ਅਮਲੋਹ ਦੀ ਪੁਲੀਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।