ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 14 ਅਪਰੈਲ
ਪਿੰਡ ਮੌੜਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਈਜੀਐੱਸ ਅਧਿਆਪਕਾ ਨੇ ਸਰਕਾਰ ਦੇ ਲਾਰਿਆਂ ਅਤੇ ਨਿਗੂਣੀ ਤਨਖਾਹ ਤੋਂ ਤੰਗ ਆ ਕੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ੇ ਦੀ ਕਾਪੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਇਸੇ ਜ਼ਿਲ੍ਹੇ ਦੇ ਵਸਨੀਕ ਹਨ। ਅਧਿਆਪਕਾ ਰੁਪਿੰਦਰ ਕੌਰ ਨੇ ਆਪਣੇ ਅਸਤੀਫ਼ੇ ਵਿੱਚ ਲਿਖਿਆ ਹੈ ਕਿ ਉਹ 21 ਫਰਵਰੀ, 2014 ਤੋਂ ਸਰਕਾਰੀ ਪ੍ਰਾਇਮਰੀ ਸਕੂਲ ਮੌੜਾਂ ਵਿੱਚ ਈਜੀਐੱਸ ਵਾਲੰਟੀਅਰ ਵਜੋਂ ਤਾਇਨਾਤ ਹੈ ਅਤੇ 70-70 ਬੱਚਿਆਂ ਨੂੰ ਪੜ੍ਹਾਉਂਦੀ ਹੈ।
ਕੰਮ ਦੇ ਬੋਝ ਕਾਰਨ ਉਸ ਦੀ ਸਿਹਤ ਵਿਗੜ ਰਹੀ ਹੈ ਅਤੇ ਨਿਗੂਣੀ ਤਨਖਾਹ ਕਾਰਨ ਉਹ ਆਪਣੀ ਨੌਕਰੀ ਛੱਡਣ ਲਈ ਮਜਬੂਰ ਹੈ। ਉਸ ਨੇ ਆਖਿਆ ਕਿ ਤਨਖ਼ਾਹ ਵਜੋਂ ਮਿਲਦੇ ਸਿਰਫ਼ 6000 ਰੁਪਏ ਨਾਲ ਤਾਂ ਦਵਾਈਆਂ ਦਾ ਖਰਚਾ ਵੀ ਨਹੀਂ ਨਿਕਲਦਾ, ਪਰਿਵਾਰਕ ਖਰਚੇ ਤਾਂ ਬਹੁਤ ਦੂਰ ਦੀ ਗੱਲ ਹੈ। ਇਹ ਅਸਤੀਫ਼ਾ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਨਾਂ ’ਤੇ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਈਜੀਐੱਸ ਵਾਲੰਟੀਅਰ ਰੁਪਿੰਦਰ ਕੌਰ ਐੱਮਏ, ਬੀਐੱਡ ਅਤੇ ਈਟੀਟੀ ਪਾਸ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਅਸਤੀਫ਼ੇ ਦਾ ਕਾਰਨ ਜਾਣਨ ਦੇ ਹੁਕਮ
ਸੈਂਟਰ ਇੰਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਮੌੜਾਂ ਸੱਤਪਾਲ ਨੇ ਦੱਸਿਆ ਕਿ ਈਜੀਐੱਸ ਵਾਲੰਟੀਅਰ ਰੁਪਿੰਦਰ ਕੌਰ ਦਾ ਅਸਤੀਫ਼ਾ ਮਿਲ ਗਿਆ ਹੈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਜ ਦਿੱਤਾ ਗਿਆ ਹੈ। ਬੀਪੀਈਓ ਸ਼ਹਿਣਾ ਦਾ ਚਾਰਜ ਬੀਪੀਈਓ ਮਹਿਲ ਕਲਾਂ ਲਵਰਿੰਦਰ ਕੁਮਾਰ ਕੋਲ ਹੈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਨੇ ਬੀਪੀਈਓ ਸ਼ਹਿਣਾ ਨੂੰ ਅਸਤੀਫ਼ੇ ਦਾ ਕਾਰਨ ਜਾਣਨ ਲਈ ਪੜਤਾਲ ਦੇ ਹੁਕਮ ਦਿੱਤੇ ਹਨ।