ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਸਤੰਬਰ
ਪਸ਼ੂ ਪਾਲਣ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਕੇਂਦਰ ਸਰਕਾਰ ਤੋਂ ਪੰਜਾਬ ’ਚ ਮੱਝਾਂ ਦੀ ਨਸਲ ਸੁਧਾਰ ਅਤੇ ਖੋਜ ਲਈ ਸੈਂਟਰ ਆਫ ਐਕਸੀਲੈਂਸ ਸਥਾਪਤ ਕਰਨ ਲਈ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ ਕੀਤੀ ਹੈ| ਮੰਤਰੀ ਬਾਜਵਾ ਨੇ ਅੱਜ ਦਿੱਲੀ ਦੇ ਕ੍ਰਿਸ਼ੀ ਭਵਨ ਵਿਚ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪੁਰਸ਼ੋਤਮ ਰੁਪਾਲਾ ਨਾਲ ਮੁਲਾਕਾਤ ਕੀਤੀ।
ਸ੍ਰੀ ਬਾਜਵਾ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਪੰਜਾਬ ਦਾ ਵਾਤਾਵਰਨ ਅਤੇ ਭੂਗੋਲਿਕ ਸਥਿਤੀ ਹੋਰ ਦੁਧਾਰੂ ਪਸ਼ੂਆਂ ਦੇ ਮੁਕਾਬਲੇ ਮੱਝਾਂ ਲਈ ਵਧੇਰੇ ਅਨੁਕੂਲ ਹੈ| ਮੱਝਾਂ ਦੀ ਨਸਲ ਸੁਧਾਰ ਅਤੇ ਖੋਜ ਲਈ ਸੈਂਟਰ ਆਫ ਐਕਸੀਲੈਂਸ ਸਥਾਪਿਤ ਕਰਨ ਨਾਲ ਡੇਅਰੀ ਕਿਸਾਨਾਂ ਨੂੰ ਕਈ ਗੁਣਾਂ ਲਾਭ ਮਿਲੇਗਾ| ਸ੍ਰੀ ਬਾਜਵਾ ਨੇ ਆਰਜੀਐੱਮ ਅਧੀਨ ਪੰਜਾਬ ਲਈ ਗਊਆਂ ਦੀ ਸਵਦੇਸ਼ੀ ਨਸਲ ਦੇ ਵਿਕਾਸ ਅਤੇ ਸੰਭਾਲ, ਗਊਆਂ ਦੀ ਨਸਲ ਸੁਧਾਰ ਆਦਿ ਲਈ 100 ਫ਼ੀਸਦੀ ਸਬਸਿਡੀ ਦੀ ਮੰਗ ਵੀ ਰੱਖੀ।
ਮੰਤਰੀ ਨੇ ਪਸ਼ੂ ਪਾਲਕਾਂ ਨੂੰ ਘਰ-ਘਰ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵੈਟਰਨਰੀ ਹਸਪਤਾਲ ਤੇ ਡਿਸਪੈਂਸਰੀ ਸਕੀਮ ਅਧੀਨ ਪੰਜਾਬ ਲਈ 70 ਮੋਬਾਈਲ ਵੈਟਰਨਰੀ ਯੂਨਿਟਾਂ ਖ਼ਰੀਦਣ ਵਾਸਤੇ ਕੇਂਦਰ ਸਰਕਾਰ ਤੋਂ 100 ਫ਼ੀਸਦੀ ਫੰਡਾਂ ਦੀ ਮੰਗ ਕੀਤੀ| ਇਸੇ ਤਰ੍ਹਾਂ ਪਸ਼ੂ ਪਾਲਣ ਮੰਤਰੀ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਵਿਭਾਗ ਦੇ 100 ਏਕੜ ਕੁਲੇਮਾਜਰਾ ਫਾਰਮ ਵਿਚ ਏ-ਗਰੇਡ ਸੀਮਨ ਸਟੇਸ਼ਨ ਸਥਾਪਿਤ ਕਰਨ ਲਈ ਫੰਡ ਅਲਾਟ ਕਰਨ ਦੀ ਮੰਗ ਵੀ ਰੱਖੀ ਗਈ| ਮੰਤਰੀ ਬਾਜਵਾ ਨੇ ਕੇਂਦਰੀ ਮੰਤਰੀ ਕੋਲ ਪੰਜਾਬ ਵਿੱਚ 100 ਵੈਟਰਨਰੀ ਹਸਪਤਾਲਾਂ ਅਤੇ 100 ਡਿਸਪੈਂਸਰੀਆਂ ਦੀ ਮੁਰੰਮਤ ਅਤੇ ਨਵੀਨੀਕਰਨ ਲਈ ਫੰਡ ਜਾਰੀ ਕਰਨ ਸਮੇਤ ਹੋਰ ਮੰਗਾਂ ਵੀ ਰੱਖੀਆਂ।
ਸ੍ਰੀ ਰੁਪਾਲਾ ਨੇ ਸ੍ਰੀ ਬਾਜਵਾ ਦੀਆਂ ਜ਼ਿਆਦਾਤਰ ਤਜਵੀਜ਼ਾਂ ਨੂੰ ਸਹਿਮਤੀ ਦੇ ਦਿੱਤੀ| ਇਸ ਮੌਕੇ ਵਧੀਕ ਮੁੱਖ ਸਕੱਤਰ ਪਸ਼ੂ ਪਾਲਣ ਵੀਕੇ ਜੰਜੂਆ, ਐਮਡੀ ਮਿਲਕਫੈੱਡ ਕਮਲਦੀਪ ਸਿੰਘ ਸੰਘਾ, ਡਾਇਰੈਕਟਰ ਪਸ਼ੂ ਪਾਲਣ ਡਾ. ਐੱਚਐੱਸ ਕਾਹਲੋਂ, ਡਾਇਰੈਕਟਰ ਡੇਅਰੀ ਕਰਨੈਲ ਸਿੰਘ ਵੀ ਮੌਜੂਦ ਸਨ|