ਆਤਿਸ਼ ਗੁਪਤਾ
ਚੰਡੀਗੜ੍ਹ, 8 ਸਤੰਬਰ
ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਵਿੱਚ ‘ਆਪ’ ਦੀਆਂ ਸਿਆਸੀ ਗਤੀਵੀਧੀਆਂ ਨੂੰ ਤੇਜ਼ ਕਰਦਿਆਂ ਆਦਮਪੁਰ ਵਿੱਚ ‘ਮੇਕ ਇੰਡੀਆ ਨੰਬਰ-1’ ਮੁਹਿੰਮ ਤਹਿਤ ਤਿਰੰਗਾ ਯਾਤਰਾ ਕੱਢੀ। ਯਾਤਰਾ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਆਦਮਪੁਰ ਜ਼ਿਮਨੀ ਚੋਣਾਂ ਵਿਚ ‘ਆਪ’ ਨੂੰ ਵੋਟ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਦਮਪੁਰ ਜ਼ਿਮਨੀ ਚੋਣ ਵਿੱਚ ‘ਆਪ’ ਦੀ ਜਿੱਤ ਹੀ ਸਾਲ 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਜਿੱਤ ਦਾ ਰਾਹ ਖੋਲ੍ਹੇਗੀ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਹ ਸਿੱਖਿਆ ਅਤੇ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਆਦਮਪੁਰ ’ਚ ਸਿੱਖਿਆ ਅਤੇ ਸਿਹਤ ਪ੍ਰਬੰਧਾਂ ’ਚ ਸੁਧਾਰ ਕਰਨ ਲਈ ‘ਆਪ’ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਆਦਮਪੁਰ ਤੋਂ ਮੌਜੂਦਾ ਵਿਧਾਇਕ ਰਹੇ ਕੁਲਦੀਪ ਬਿਸ਼ਨੋਈ ਕਾਂਗਰਸ ਨੂੰ ਅਲਵਿਦਾ ਕਹਿ ਕੇ ਨਿੱਜੀ ਹਿੱਤਾਂ ਲਈ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਆਦਮਪੁਰ ਭਾਵੇਂ ਕੁਲਦੀਪ ਬਿਸ਼ਨੋਈ ਦਾ ਗੜ੍ਹ ਹੈ ਪਰ ਉਸ ਨੇ ਆਦਮਪੁਰ ਦੇ ਵਿਕਾਸ ਲਈ ਕਦੇ ਕੁਝ ਨਹੀਂ ਕੀਤਾ। ‘ਆਪ’ ਸੁਪਰੀਮੋ ਨੇ ਲੋਕਾਂ ਨੂੰ ਕਿਹਾ ਕਿ ਜੇਕਰ ‘ਆਪ’ ਵਿਧਾਇਕ ਦੀ ਕਾਰਗੁਜ਼ਾਰੀ ਵਧੀਆ ਨਾ ਰਹੀ ਤਾਂ 2024 ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੂੰ ਕੋਈ ਵੋਟ ਨਾ ਪਾਉਣ।