ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਫਰਵਰੀ
ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਸਰ ਛੋਟੂ ਰਾਮ ਦਾ ਜਨਮ ਦਿਨ ਮਨਾਇਆ ਗਿਆ ਤੇ ਸਾਰੇ ਮੋਰਚਿਆਂ ’ਤੇ ਖੇਤੀ ਖੇਤਰ ਵਿੱਚ ਵੱਡੀ ਤਬਦੀਲੀ ਲਿਆਉਣ ਵਾਲੇ ਹਰਿਆਣਾ ਦੇ ਇਸ ਮਹਾਨ ਕਿਸਾਨ ਆਗੂ ਦੀਆਂ ਤਸਵੀਰਾਂ ਉਪਰ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ। ਦਿੱਲੀ ਨਾਲ ਲੱਗਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ਦੇ ਕਿਸਾਨ ਮੋਰਚਿਆਂ ਉਪਰ ਇਸ ਮੌਕੇ ਵਿਸ਼ੇਸ਼ ਸਮਾਗਮ ਕੀਤੇ ਗਏ ਤੇ ਬੁਲਾਰਿਆਂ ਨੇ ਸਰ ਛੋਟੂ ਰਾਮ ਦੇ ਜੀਵਨ ਨਾਲ ਜੁੜੀਆਂ ਅਹਿਮ ਘਟਨਾਵਾਂ ਤੇ ਉਨ੍ਹਾਂ ਵੱਲੋਂ ਖੇਤੀ ਖੇਤਰ ਵਿੱਚ 1937 ਵਿੱਚ ਕੀਤੇ ਗਏ ਸੰਘਰਸ਼ ਨੂੰ ਯਾਦ ਕੀਤਾ। ਬੁਲਾਰਿਆਂ ਨੇ ਦੱਸਿਆ ਕਿ ਸਰ ਛੋਟੂ ਰਾਮ ਨੇ ਕਿਸਾਨਾਂ ਨੂੰ ਕਰਜ਼ੇ ਦੇ ਮੱਕੜਜਾਲ ਵਿੱਚੋਂ ਕੱਢਿਆ ਤੇ ਆਰਥਿਕ ਸੁਧਾਰ ਕਰਕੇ ਕਿਸਾਨਾਂ ਨੂੰ ਪੱਕੇ ਪੈਰੀਂ ਕੀਤਾ। ਰੋਹਤਕ (ਮੌਜੂਦਾ ਹਰਿਆਣਾ) ਦੇ ਪਿੰਡ ਗੜ੍ਹੀ ਸਾਂਪਲਾ ਦੇ ਜੰਮਪਲ ਛੋਟੂ ਰਾਮ ਨੂੰ ਯਾਦ ਕਰਨ ਲਈ ਹਰਿਆਣਾ ਤੋਂ ਵੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਕਿਸਾਨ ਆਗੂਆਂ ਜਗਮੋਹਨ ਸਿੰਘ, ਜਗਜੀਤ ਸਿੰਘ ਡੱਲੇਵਾਲ, ਡਾ. ਦਰਸ਼ਨ ਪਾਲ, ਜੰਗਬੀਰ ਸਿੰਘ ਚੌਹਾਨ, ਬਲਵੰਤ ਸਿੰਘ ਤੇ ਹੋਰ ਆਗੂਆਂ ਨੇ ਸਰ ਛੋਟੂ ਰਾਮ ਵੱਲੋਂ ਫਿਰਕਾਪ੍ਰਸਤੀ ਖ਼ਿਲਾਫ਼ ਸਿਆਸੀ ਜੰਗ ਲੜਨ ਦਾ ਉਚੇਚਾ ਜ਼ਿਕਰ ਮੌਜੂਦਾ ਸੱਤਾਧਾਰੀ ਧਿਰਾਂ ਦੇ ਪ੍ਰਸੰਗ ਵਿੱਚ ਕੀਤਾ।
ਗਾਜ਼ੀਪੁਰ ਬਾਰਡਰ ’ਤੇ ਕਿਸਾਨ ਆਗੂਆਂ ਜਗਤਾਰ ਸਿੰਘ ਬਾਜਵਾ ਤੇ ਸਾਥੀਆਂ ਵੱਲੋਂ ਸਰ ਛੋਟੂ ਰਾਮ ਦੀ ਵੱਡ ਅਕਾਰੀ ਤਸਵੀਰ ’ਤੇ ਫੁੱਲ ਭੇਂਟ ਕੀਤੇ ਗਏ। ਇਸੇ ਤਰ੍ਹਾਂ ਟਿਕਰੀ ਵਿਖੇ ਵੀ ਛੋਟੂ ਰਾਮ ਦੇ ਖੇਤੀ ਨੂੰ ਵਧਾਉਣ ਤੇ ਮੰਡੀ ਸਿਸਟਮ ਦਾ ਅੰਗਰੇਜ਼ ਹਕੂਮਤ ਵਿੱਚ ਵਿਕਾਸ ਕਰਨ ਨੂੰ ਯਾਦ ਕੀਤਾ ਗਿਆ। ਡਾ. ਦਰਸ਼ਨ ਪਾਲ ਨੇ ਕਿਹਾ, ‘ਸਰ ਛੋਟੂ ਰਾਮ ਨੇ ਆਪਣੀ ਸਖ਼ਤ ਮਿਹਨਤ ਨਾਲ ਕਿਸਾਨ ਭਾਈਚਾਰੇ ਦਾ ਸਹੀ ਮਾਰਗ ਦਰਸ਼ਨ ਕੀਤਾ ਤੇ ਅੰਗਰੇਜ਼ ਹਕੂਮਤ ਤੋਂ ਕਿਸਾਨਾਂ ਦੇ ਹਿਤੈਸ਼ੀ 22 ਅਹਿਮ ਕਾਨੂੰਨ ਆਪਣੇ ਬਲਬੂਤੇ ਪਾਸ ਕਰਵਾਏ। ਕਿਸਾਨਾਂ ਨੂੰ ਖ਼ੂਨ ਚੂਸਣ ਵਾਲੇ ਸ਼ਾਹੂਕਾਰਾਂ ਦੇ ਚੁੰਗਲ ਤੋਂ ਮੁਕਤ ਕਰਵਾਇਆ। ਦੇਸ਼ ਦੇ ਕਿਸਾਨ ਹੁਣ ਵੀ ਸੱਤਾਧਾਰੀ ਧਿਰ ਦੀ ਸਰਪ੍ਰਸਤੀ ਹੇਠ ਵਿਗਸ ਰਹੇ ਆਧੁਨਿਕ ਕਾਰਪੋਰੇਟ ਘਰਾਣਿਆਂ ਨਾਲ ਆਪਣੇ ਭਵਿੱਖ ਦੀ ਸਲਾਮਤੀ ਤੇ ਹੱਕਾਂ ਲਈ ਲਗਾਤਾਰ ਘੋਲ ਲੜ ਰਹੇ ਹਨ ਅਤੇ ਇਸ ਸੰਘਰਸ਼ ਦਾ ਪ੍ਰੇਰਨਾ ਸਰੋਤ ਸਰ ਛੋਟੂ ਰਾਮ ਹਨ।’