ਦਲਬੀਰ ਸੱਖੋਵਾਲੀਆ
ਬਟਾਲਾ, 20 ਅਕਤੂਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਨੇੜਲੇ ਪਿੰਡ ਚੱਠਾ ਵਿੱਚ ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਸ਼ਹੀਦ ਮਨਦੀਪ ਸਿੰਘ ’ਤੇ ਪੂਰੇ ਦੇਸ਼ ਨੂੰ ਮਾਣ ਹੈ। ਇਸ ਮੌਕੇ ਉਨ੍ਹਾਂ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਚੈੱਕ ਸੌਂਪਦਿਆਂ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪਿੰਡ ਵਿੱਚ ਸ਼ਹੀਦ ਦੇ ਨਾਂ ’ਤੇ ਸਟੇਡੀਅਮ ਬਣਾਉਣ ਅਤੇ 10 ਲੱਖ ਰੁਪਏ ਦੀ ਲਾਗਤ ਨਾਲ ਯਾਦਗਾਰੀ ਗੇਟ ਬਣਾਉਣ ਦਾ ਵਾਅਦਾ ਵੀ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਪੀਕਰ ਰਾਣਾ ਕੇਪੀ ਸਿੰਘ ਸਣੇ ਸੀਨੀਅਰ ਆਗੂ ਹਾਜ਼ਰ ਸਨ। ਇਸ ਮੌਕੇ 16 ਰਾਸ਼ਟਰੀ ਸਿੱਖ ਰੈਜੀਮੈਂਟ ਦੇ ਅਧਿਕਾਰੀ ਵੀ ਪਹੁੰਚੇ ਸਨ।
ਇਸ ਮੌਕੇ ਸ੍ਰੀ ਚੰਨੀ ਨੇ ਸ਼ਹੀਦ ਦੀ ਪਤਨੀ ਮਨਦੀਪ ਕੌਰ, ਮਾਤਾ ਮਨਜੀਤ ਕੌਰ, ਭਰਾ ਜਗਰੂਪ ਸਿੰਘ, ਗੁਰਪਿੰਦਰ ਸਿੰਘ ਸਣੇ ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕੀਤਾ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸ਼ਹੀਦ ਪਰਿਵਾਰਾਂ ਨਾਲ ਖੜ੍ਹੀ ਹੈ। ਉਨ੍ਹਾਂ ਆਖਿਆ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਤੋਂ ਪਹਿਲਾਂ ਸ੍ਰੀ ਬਾਜਵਾ, ਰਾਣਾ ਕੇਪੀ ਸਿੰਘ, ਵਿਧਾਇਕ ਇੰਦਰਜੀਤ ਸਿੰਘ ਬੁਲਾਰੀਆ, ਜ਼ਿਲ੍ਹਾ ਪ੍ਰੀਸ਼ਦ ਚੇਅਰਜਮੈਨ ਰਵੀਨੰਦਨ ਸਿੰਘ ਬਾਜਵਾ ਸਮੇਤ ਹੋਰਨਾਂ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।
ਸ਼ਹੀਦਾਂ ਦੀਆਂ ਕੁਰਬਾਨੀਆਂ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਪ੍ਰੇਰਨਗੀਆਂ: ਰਾਣਾ ਗੁਰਜੀਤ
ਦਲੇਰ ਸਿੰਘ ਚੀਮਾ
ਭੁਲੱਥ, 20 ਅਕਤੂਬਰ
ਜੰਮੂ ਕਸ਼ਮੀਰ ’ਚ ਅਤਿਵਾਦੀ ਹਮਲੇ ਵਿੱਚ ਸ਼ਹੀਦ ਹੋਏ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਉਨ੍ਹਾਂ ਦੇ ਪਿੰਡ ਮਾਨਾਂ ਤਲਵੰਡੀ ਵਿੱਚ ਹੋਈ। ਇਸ ਮੌਕੇ ਸਮਾਜ ਦੇ ਹਰ ਵਰਗ ਤੋਂ ਵੱਡੀ ਗਿਣਤੀ ਲੋਕਾਂ ਨੇ ਹਾਜ਼ਰ ਹੋ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇੱਥੇ ਪਹੁੰਚ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜਸਵਿੰਦਰ ਸਿੰਘ ਨੇ ਦੇਸ਼ ਦੀ ਰਾਖੀ ਲਈ ਕੁਰਬਾਨੀ ਦੇ ਕੇ ਪੂਰੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਜਸਵਿੰਦਰ ਸਿੰਘ ਦੀ ਕੁਰਬਾਨੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਲਈ ਕੁਝ ਕਰ ਗੁਜ਼ਰਨ ਦਾ ਸੁਨੇਹਾ ਦਿੰਦੀ ਰਹੇਗੀ।
ਇਸ ਮੌਕੇ ਰਾਣਾ ਗੁਰਜੀਤ ਨੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਜਸਵਿੰਦਰ ਸਿੰਘ ਦੇ ਪਰਿਵਾਰ ਲਈ ਐਲਾਨੀ ਗਈ 50 ਲੱਖ ਰੁਪਏ ਦੀ ਗਰਾਂਟ ’ਚੋਂ 5 ਲੱਖ ਰੁਪਏ ਦਾ ਚੈੱਕ ਵੀ ਸ਼ਹੀਦ ਦੀ ਪਤਨੀ ਨੂੰ ਸੌਂਪਿਆ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੀ ਰਕਮ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਸਬੰਧੀ ਕਾਰਵਾਈ ਵੀ ਜਲਦ ਪੂਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪਿੰਡ ਮਾਨਾਂ ਤਲਵੰਡੀ ’ਚ ਸ਼ਹੀਦ ਦੇ ਨਾਂ ’ਤੇ ਸਟੇਡੀਅਮ ਉਸਾਰਨ ਅਤੇ ਪਿੰਡ ’ਚ ਵਿਕਾਸ ਕੰਮਾਂ ਲਈ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਸ਼ਹੀਦ ਜਸਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਭੁਲੱਥ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮਾਨਾਂ ਤਲਵੰਡੀ ਦੇ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਦੇ ਨਾਂ ’ਤੇ ਹੋਵੇਗਾ।