ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਸਤੰਬਰ
ਪੰਜਾਬ ਵਿਧਾਨ ਸਭਾ ਵਿੱਚ ਅੱਜ ਸਿਆਸੀ, ਸਮਾਜ ਸੇਵੀ ਅਤੇ ਅਗਾਂਹਵਧੂ ਕਿਸਾਨਾਂ ਸਮੇਤ ਉਨ੍ਹਾਂ ਉੱਘੀਆਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਜਿਨ੍ਹਾਂ ਦਾ ਪਿਛਲੇ ਸੈਸ਼ਨ ਤੋਂ ਬਾਅਦ ਦੇਹਾਂਤ ਹੋ ਗਿਆ ਸੀ। ਪਹਿਲੇ ਦਿਨ ਸਦਨ ਨੇ ਸਾਬਕਾ ਸਪੀਕਰ ਤੇ ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ, ਸਾਬਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ, ਕਿਸਾਨ ਪਦਮਸ੍ਰੀ ਜਗਜੀਤ ਸਿੰਘ ਹਾਰਾ ਤੇ ਉੱਘੇ ਸਮਾਜ ਸੇਵੀ ਕ੍ਰਿਸ਼ਨ ਦੇਵ ਖੋਸਲਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਸਪੀਕਰ ਨੇ ਜਥੇਦਾਰ ਅਵਤਾਰ ਸਿੰਘ ਹਿੱਤ ਤੇ ਦਰਿਆਈ ਪਾਣੀਆਂ ਦੇ ਮਾਹਿਰ ਪ੍ਰੀਤਮ ਸਿੰਘ ਕੁਮੇਦਨ, ਵਿਧਾਇਕ ਲਾਭ ਸਿੰਘ ਉੱਗੋਕੇ ਦੇ ਪਿਤਾ ਦਰਸ਼ਨ ਸਿੰਘ ਅਤੇ ਉੱਘੀ ਸ਼ਖ਼ਸੀਅਤ ਪਾਲ ਸਿੰਘ ਪੁਰੇਵਾਲ, ਜਿਨ੍ਹਾਂ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ ਸੀ, ਦੇ ਨਾਮ ਵੀ ਸ਼ਰਧਾਂਜਲੀ ਦੇਣ ਲਈ ਪ੍ਰਸਤਾਵਿਤ ਕੀਤੇ। ਇਸ ਦੌਰਾਨ ਦੋ ਮਿੰਟ ਦਾ ਮੌਨ ਵੀ ਧਾਰਿਆ ਗਿਆ।