ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਮਈ
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨਮਿਤ ਅੰਤਿਮ ਅਰਦਾਸ ਸਮਾਗਮ ਅੱਜ ਗੁਰਦੁਆਰਾ ਸੰਗਰਾਣਾ ਸਾਹਿਬ ਵਿਖੇ ਹੋਇਆ। ਇਸ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ।
ਅਰਦਾਸ ਸਮਾਗਮ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ (ਮਰਹੂਮ ਵੇਦਾਂਤੀ) ਨੂੰ ਅਕਾਲ ਤਖ਼ਤ ਵੱਲੋਂ ਪੰਥਕ ਸਨਮਾਨ (ਮਰਨ ਉਪਰੰਤ) ਦੇਣ ਸਬੰਧੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਵਿਚਾਰ ਕੀਤਾ ਜਾਵੇਗਾ। ਜਦੋਂਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਥੇਦਾਰ ਵੇਦਾਂਤੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਲਗਾਉਣ ਦਾ ਐਲਾਨ ਕੀਤਾ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੇਦਾਂਤੀ ਸਿੱਖ ਸਿਧਾਂਤਾਂ ਅਤੇ ਸਿੱਖ ਰਹਿਤ ਮਰਿਆਦਾ ਦੇ ਪਹਿਰੇਦਾਰ ਸਨ। ਉਨ੍ਹਾਂ ਵੱਲੋਂ ਗੁਰਬਾਣੀ ਵਿਆਕਰਨ ਪ੍ਰਤੀ ਪਾਏ ਯੋਗਦਾਨ ਨੂੰ ਸਦਾ ਯਾਦ ਰੱਖਿਆ ਜਾਵੇਗਾ। ਐੱਸਜੀਪੀਸੀ ਪ੍ਰ੍ਰਧਾਨ ਜਗੀਰ ਕੌਰ ਨੇ ਆਖਿਆ ਕਿ ਵੇਦਾਂਤੀ ਹੁਰਾਂ ਦੇ ਚਲਾਣੇ ਨਾਲ ਸਿੱਖ ਪੰਥ ਨੂੰ ਵੱਡਾ ਘਾਟਾ ਪਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਈ ਜਾਵੇਗੀ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਮਿਲਦੀ ਰਹੇ। ਇਸੇ ਦੌਰਾਨ ਬੀਬੀ ਜਗੀਰ ਕੌਰ ਨੇ ਜਥੇਦਾਰ ਵੇਦਾਂਤੀ ਦੀ ਪਤਨੀ ਹਰਭਜਨ ਕੌਰ ਨੂੰ ਸ਼੍ਰੋਮਣੀ ਕਮੇਟੀ ਵਲੋਂ 10 ਲੱਖ ਰੁਪਏ ਦਾ ਚੈੱਕ ਸਤਿਕਾਰ ਵਜੋਂ ਭੇਟ ਕੀਤਾ, ਜਿਸ ਨੂੰ ਪ੍ਰਵਾਨ ਕਰਨ ਮਗਰੋਂ ਜਥੇਦਾਰ ਵੇਦਾਂਤੀ ਦੇ ਪਰਿਵਾਰਕ ਮੈਂਬਰਾਂ ਨੇ ਇਹ ਰਾਸ਼ੀ ਸ਼੍ਰੋਮਣੀ ਕਮੇਟੀ ਵੱਲੋਂ ਕਰੋਨਾ ਮਹਾਮਾਰੀ ਖ਼ਿਲਾਫ਼ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਭੇਟ ਕਰਨ ਦਾ ਐਲਾਨ ਕੀਤਾ। ਸ਼ਰਧਾਂਜਲੀ ਸਮਾਗਮ ਦੌਰਾਨ ਜਥੇਦਾਰ ਵੇਦਾਂਤੀ ਦੀ ਪਤਨੀ ਹਰਭਜਨ ਕੌਰ, ਬੇਟੀ ਅਮਨਦੀਪ ਕੌਰ, ਜਵਾਈ ਜਰਨੈਲ ਸਿੰਘ ਅਤੇ ਪਰਿਵਾਰਕ ਮੈਂਬਰ ਭਾਈ ਜਗਬੀਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਤੇ ਸੰਪਰਦਾਵਾਂ ਵੱਲੋਂ ਸਿਰੋਪਾਓ ਅਤੇ ਦਸਤਾਰਾਂ ਭੇਟ ਕੀਤੀਆਂ ਗਈਆਂ।
ਅੰਤਿਮ ਅਰਦਾਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਹੋਰਨ ਅਹਿਮ ਸ਼ਖਸੀਅਤਾਂ ਵੱਲੋਂ ਸ਼ੋਕ ਸੰਦੇਸ਼ ਭੇਜੇ ਗਏ।
ਸਮਾਗਮ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ, ਨੇ ਵੀ ਵਿਛੜੀ ਰੂਹ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ।