ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਸਤੰਬਰ
ਜਨਰਲ ਵੈਦਿਆ ਕਤਲ ਕੇਸ ਵਿਚ 9 ਅਕਤੂਬਰ 1992 ਨੂੰ ਫਾਂਸੀ ਦੀ ਸਜ਼ਾ ਭੁਗਤਣ ਵਾਲੇ ਭਾਈ ਸੁਖਦੇਵ ਸਿੰਘ ਦੀ ਮਾਤਾ ਸੁਰਜੀਤ ਕੌਰ ਨਮਿਤ ਅਖੰਡ ਪਾਠ ਦੇ ਭੋਗ ਇੱਥੇ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਝੰਡਾ ਬੁੰਗਾ ਵਿਚ ਪਾਏ ਗਏ ਹਨ। ਇਹ ਅਖੰਡ ਪਾਠ ਸਿੱਖ ਜਥੇਬੰਦੀਆਂ ਵਲੋਂ ਰਖਵਾਇਆ ਗਿਆ ਸੀ। ਮਾਤਾ ਸੁਰਜੀਤ ਕੌਰ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ।
ਅੱਜ ਇੱਥੇ ਅਖੰਡ ਪਾਠ ਦੇ ਭੋਗ ਮਗਰੋਂ ਹਜ਼ੂਰੀ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਹੁਕਮਨਾਮਾ ਲਿਆ ਅਤੇ ਮਗਰੋਂ ਪਰਿਵਾਰ ਦੇ ਜੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਆ ਗਿਆ। ਭੋਗ ਸਮਾਗਮ ਵਿਚ ਭਾਈ ਸੁੱਖਾ ਦੇ ਪਰਿਵਾਰ ਵਿਚੋਂ ਉਸ ਦੀ ਭੈਣ ਕੁਲਵੰਤ ਕੌਰ ਅਤੇ ਭਣੇਵਾਂ ਰਮਨਦੀਪ ਸਿੰਘ ਸਣੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਭੈਣ ਬਲਵਿੰਦਰ ਕੌਰ ਵੀ ਪੁੱਜੇ ਹੋਏ ਸਨ। ਦੱਸਣਯੋਗ ਹੈ ਕਿ ਭਾਈ ਸੁੱਖਾ ਦੇ ਨਾਲ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ 9 ਅਕਤੂਬਰ 1992 ਨੂੰ ਫਾਂਸੀ ਦਿੱਤੀ ਗਈ ਸੀ। ਅੱਜ ਇਸ ਮੌਕੇ ਖ਼ਾਲਿਸਤਾਨ ਪੱਖੀ ਨਾਅਰੇ ਵੀ ਲਾਏ ਗਏ। ਸਮਾਗਮ ਵਿਚ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ, ਸਤਨਾਮ ਸਿੰਘ ਪਾਉਂਟਾ ਸਾਹਿਬ, ਹਰਚਰਨਜੀਤ ਸਿੰਘ ਧਾਮੀ, ਮਾਨ ਦਲ ਵਲੋਂ ਜਸਕਰਨ ਸਿੰਘ ਕਾਨਸਿੰਘ ਵਾਲਾ, ਹਰਦੀਪ ਸਿੰਘ ਸੰਧੂ, ਅਕਾਲ ਫੈੱਡਰੇਸ਼ਨ ਤੋਂ ਨਰੈਣ ਸਿੰਘ ਚੌੜਾ, ਯੂਨਾਈਟਿਡ ਅਕਾਲੀ ਦਲ ਤੋਂ ਗਰਦੀਪ ਸਿੰਘ ਬਠਿੰਡਾ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਅਕਾਲੀ ਦਲ ਡੈਮੋਕਰੈਟਿਵ ਤੋਂ ਭਾਈ ਮੋਹਕਮ ਸਿੰਘ, ਭਗਵੰਤ ਸਿੰਘ, ਅਜਾਇਬ ਸਿੰਘ ਅਭਿਆਸੀ, ਜਰਨੈਲ ਸਿੰਘ, ਅਮਰੀਕ ਸਿੰਘ, ਪਰਮਜੀਤ ਸਿੰਘ ਆਦਿ ਸ਼ਾਮਲ ਸਨ।