ਗੁਰਪ੍ਰੀਤ ਸਿੰਘ
ਅਜੀਤਵਾਲ, 18 ਜੂਨ
ਗਦਰੀ ਬਾਬਿਆਂ ਦੇ ਨਾਮ ਨਾਲ ਪ੍ਰਸਿੱਧ ਪਿੰਡ ਢੁੱਡੀਕੇ ਦੇ ਸ਼ਹੀਦ ਗਦਰੀ ਬਾਬਾ ਈਸ਼ਰ ਸਿੰਘ ਤੇ ਸ਼ਹੀਦ ਗ਼ਦਰੀ ਬਾਬਾ ਰੂੜ ਸਿੰਘ ਦੀ 105ਵੀਂ ਬਰਸੀ ਮੌਕੇ ‘ਦੇਸ਼ ਭਗਤ ਗਦਰੀ ਬਾਬੇ ਯਾਦਗਾਰ’ ਵਿੱਚ ਗਦਰੀ ਬਾਬੇ ਕਮੇਟੀ, ਗ੍ਰਾਮ ਪੰਚਾਇਤ, ਕਿਸਾਨ ਯੂਨੀਅਨ ਵੱਲੋਂ ਗਦਰੀ ਬਾਬਿਆਂ ਦੇ ਬੁੱਤਾਂ ’ਤੇ ਫੁੱਲ ਭੇਟ ਕਰਕੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਗਿਆ। ਇਸ ਮੌਕੇ ਦੇਸ਼ ਭਗਤ ਗਦਰੀ ਬਾਬੇ ਯਾਦਗਾਰ ਕਮੇਟੀ ਦੇ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਕਿਹਾ ਕਿ ਗਦਰੀ ਬਾਬਿਆਂ ਦੀ ਬਹੁਤ ਵੱਡੀ ਕੁਰਬਾਨੀ ਹੈ, ਉਨ੍ਹਾਂ ਅਮਰੀਕਾ ਤੇ ਕੈਨੇਡਾ ਵਰਗੇ ਦੇਸ਼ਾਂ ਤੋਂ ਭਾਰਤ ਵਾਪਸ ਆ ਕੇ ਕੁਰਬਾਨੀਆਂ ਦਿੱਤੀਆਂ, ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ। ਸਰਕਾਰ ਨੇ ਉਨ੍ਹਾਂ ਦੇ ਘਰ ਅਤੇ ਜ਼ਮੀਨਾਂ ਕੁਰਕ ਕਰਵਾ ਦਿੱਤੀਆਂ। ਪਹਿਲੇ ਸਪਲੀਮੈਂਟਰੀ ਲਹੌਰ ਸਾਜ਼ਿਸ਼ ਕੇਸ ਵਿੱਚ ਕਪੂਰਥਲਾ ਅਸਲਾਖਾਨਾ ਲੁੱਟਣ, ਵੱਲਾ ਪੁਲ, ਦੁਰਾਹਾ ਪੁਲ ਤੇ ਗਾਰਦ ਤੋਂ ਅਸਲਾ ਲੁੱਟਣ ਤੇ ਹੋਰ ਕੇਸਾਂ ਵਿੱਚ 5 ਗਦਰੀ ਬਾਬਿਆਂ, ਜਿਨ੍ਹਾਂ ਵਿੱਚ ਗਦਰੀ ਸ਼ਹੀਦ ਬਾਬਾ ਈਸ਼ਰ ਸਿੰਘ ਢੁੱਡੀਕੇ, ਗਦਰੀ ਸ਼ਹੀਦ ਬਾਬਾ ਰੂੜ ਸਿੰਘ ਤਲਵੰਡੀ ਦੁਸਾਂਝ, ਜੋ ਢੁੱਡੀਕੇ ਰਹਿੰਦੇ ਸਨ, ਗਦਰੀ ਸ਼ਹੀਦ ਬਾਬਾ ਉੱਤਮ ਸਿੰਘ ਹਾਂਸ, ਬੀਰ ਸਿੰਘ ਬਾਹੋਵਾਲ, ਰੰਗਾਂ ਸਿੰਘ ਖੁਰਦਪੁਰ ਨੂੰ 18 ਜੂਨ 1916 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ। ਇਸ ਮੌਕੇ ਸਰਪੰਚ ਜਸਵੀਰ ਸਿੰਘ ਢਿੱਲੋਂ, ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ,ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ, ਪੰਚ ਪਲਵਿੰਦਰ ਸਿੰਘ ਸੋਨੀ, ਪੰਚ ਗੁਰਦੇਵ ਸਿੰਘ ਮੀਤੋ, ਕਮੇਟੀ ਦੇ ਜਨਰਲ ਸਕੱਤਰ ਸਰਬਜੀਤ ਸਿੰਘ, ਮਾਸਟਰ ਗੋਪਾਲ ਸਿੰਘ, ਜੋਗਿੰਦਰ ਸਿੰਘ, ਮਾਸਟਰ ਜੈਕਬ, ਮਾਸਟਰ ਹਰੀ ਸਿੰਘ, ਤਰਸੇਮ ਸਿੰਘ ਬੂਟਾ ਤੇ ਚਮਕੌਰ ਸਿੰਘ ਫੌਜੀ ਹਾਜ਼ਰ ਸਨ।