ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਸਤੰਬਰ
ਦਿ ਟ੍ਰਿਬਿਊਨ ਗਰੁੱਪ ਦੇ ਬਾਨੀ ਸਰਦਾਰ ਦਿਆਲ ਸਿੰਘ ਮਜੀਠੀਆ ਦੀ 122ਵੀਂ ਬਰਸੀ ਮੌਕੇ ਅੱਜ ਦਿ ਟ੍ਰਿਬਿਊਨ ਐਪਲਾਈਜ਼ ਯੂਨੀਅਨ ਵਲੋਂ ਊਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਬਰਸੀ ਸਬੰਧੀ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਵਰਚੁਅਲ ਢੰਗ ਨਾਲ ਕਰਵਾਏ ਸਮਾਗਮ ਵਿੱਚ ਟ੍ਰਿਬਿਊਨ ਸਮੂਹ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ। ਯੂਨੀਅਨ ਦੇ ਅਹੁਦੇਦਾਰਾਂ ਨੇ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਚੜ੍ਹਾਈਆਂ ਅਤੇ ਦਿ ਟ੍ਰਿਬਿਊਨ ਟਰੱਸਟ ਸਥਾਪਤ ਕਰਨ ਵਾਲੀ ਖੇਤਰ ਦੀ ਇਸ ਮਹਾਨ ਸ਼ਖ਼ਸੀਅਤ, ਜਿਸ ਨੇ ਪੰਜਾਬ ਨੈਸ਼ਨਲ ਬੈਂਕ ਤੇ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਗਈ ਸੀ, ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਮੌਕੇ ਬੋਲਦਿਆਂ ਯੂਨੀਅਨ ਦੇ ਪ੍ਰਧਾਨ ਅਨਿਲ ਗੁਪਤਾ ਨੇ ਕਿਹਾ ਕਿ ਸਾਰੇ ਮੁਲਾਜ਼ਮਾਂ ਨੂੰ ਇਸ ਮਹਾਨ ਅਦਾਰੇ ਨਾਲ ਜੁੜੇ ਹੋਣ ’ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਊਨ੍ਹਾਂ ਕਿਹਾ ਕਿ ਖੇਤਰ ਦੇ ਲੋਕਾਂ ਨੇ ਹਮੇਸ਼ਾਂ ਦਿ ਟ੍ਰਿਬਿਊਨ ਗਰੁੱਪ ’ਚ ਭਰੋਸਾ ਪ੍ਰਗਟਾਇਆ ਹੈ, ਜੋ ਅਦਾਰੇ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਸ ਨੂੰ ਊੱਤਰੀ ਭਾਰਤ ਵਿੱਚ ਅੱਵਲ ਦਰਜੇ ’ਤੇ ਰੱਖਣ ਵਿੱਚ ਸਹਾਈ ਹੁੰਦੀ ਹੈ। ਹਰ ਵਰ੍ਹੇ ਬਰਸੀ ਮੌਕੇ ਲਾਇਆ ਜਾਣ ਵਾਲਾ ਖੂਨਦਾਨ ਕੈਂਪ ਇਸ ਵਾਰ ਕਰੋਨਾਵਾਇਰਸ ਮਹਾਮਾਰੀ ਕਾਰਨ ਮੁਲਤਵੀ ਕੀਤਾ ਗਿਆ ਹੈ। ਮਹਾਮਾਰੀ ਸਬੰਧੀ ਹਾਲਾਤ ਵਿੱਚ ਸੁਧਾਰ ਹੋਣ ’ਤੇ ਖੂਨਦਾਨ ਕੈਂਪ ਲਾਇਆ ਜਾਵੇਗਾ।