ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 26 ਸਤੰਬਰ
ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਤੇ ਮੁਲਾਜ਼ਮਾਂ ਨੇ ਕਿਸਾਨ ਮੋਰਚੇ ਦੇ ਸ਼ਹੀਦ ਅੰਗਰੇਜ਼ ਸਿੰਘ ਕਾਮਲਪੁਰਾ ਨੂੰ ਗੁਰਦੁਆਰਾ ਬਾਬਾ ਬਹਾਦਰ ਸਿੰਘ ਖਤਰਾਏ ਕਲਾਂ ਵਿਖੇ ਭਾਵ ਭਿੰਨੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਬੀਤੇ ਦਿਨੀਂ ਬੀਜੇਪੀ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਮੂਹਰੇ ਲੱਗੇ ਪੱਕੇ ਮੋਰਚੇ ਵਿੱਚ ਰਾਤ ਸਮੇਂ ਹਾਜ਼ਰੀ ਭਰਦੇ ਹੋਏ 17 ਸਤੰਬਰ ਨੂੰ ਸ਼ਹੀਦ ਗਏ ਸਨ। ਇਸ ਸਮੇਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਬੂਟਾ ਸਿੰਘ ਬੁਰਜ ਗਿੱਲ, ਸਤਬਿੀਰ ਸਿੰਘ ਸੁਲਤਾਨੀ, ਕੰਵਲਪ੍ਰੀਤ ਸਿੰਘ ਪੰਨੂ, ਹਰਜਿੰਦਰ ਸਿੰਘ ਟਾਂਡਾ ਤੇ ਜਤਿੰਦਰ ਸਿੰਘ ਛੀਨਾ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਅੰਗਰੇਜ਼ ਸਿੰਘ ਲਹਿਰ ਦਾ ਅਮਰ ਸ਼ਹੀਦ ਹੈ। ਉਸ ਦੀ ਸ਼ਹੀਦੀ ਨੂੰ ਕਿਸਾਨ ਲਹਿਰ ਤੇ ਸੰਯੁਕਤ ਕਿਸਾਨ ਮੋਰਚਾ ਹਮੇਸ਼ਾ ਸਿਜਦਾ ਕਰੇਗਾ। ਇਸ ਸਮੇਂ ਕਿਸਾਨ ਆਗੂਆਂ ਨੇ ਕਿਹਾ ਕਿ ਭਾਈ ਅੰਗਰੇਜ਼ ਸਿੰਘ ਕਾਮਲਪੁਰਾ ਨੂੰ ਸੱਚੀ ਸ਼ਰਧਾਂਜਲੀ ਕਿਸਾਨ ਮੋਰਚੇ ਲਈ ਵੱਡੀ ਲਾਮਬੰਦੀ ਕਰਕੇ ਤੇ ਮੋਰਚੇ ਨੂੰ ਜਿੱਤ ਤੱਕ ਲੜ ਕੇ ਹੀ ਦਿੱਤੀ ਜਾ ਸਕਦੀ ਹੈ। ਇਸ ਮੌਕੇ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵਿਸ਼ਵਾਸ ਦੁਆਉਂਦਾ ਹੈ ਕਿ ਮੋਦੀ ਨੂੰ ਦੇਸ਼ ਦੇ ਲੋਕਾਂ ਦੀ ਵੱਡੀ ਤਾਕਤ ਅੱਗੇ ਝੁਕਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਇਸ ਮੋਰਚੇ ਨੂੰ ਸਫ਼ਲ ਕਰਨ ਦੀ ਪੰਜਾਬ ਦੇ ਕਿਸਾਨਾਂ ’ਤੇ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਜਿੱਤ ਤੱਕ ਪਹੁੰਚਾਉਣ ਲਈ ਪੰਜਾਬ ਦੇ ਬੱਚੇ ਬੱਚੇ ਨੂੰ ਇਸ ਵਿਚ ਕੁੱਦਣ ਲਈ ਤਿਆਰ ਹੋਣਾ ਚਾਹੀਦਾ ਹੈ। ਇਸ ਮੌਕੇ ਤੇਜਿੰਦਰ ਸਿੰਘ ਛੀਨਾ, ਸਤਨਾਮ ਸਿੰਘ ਝੰਡੇਰ, ਅਵਤਾਰ ਸਿੰਘ ਜੱਸੜ, ਮੇਜਰ ਸਿੰਘ, ਰਵਿੰਦਰ ਸਿੰਘ, ਜਰਮਨਜੀਤ ਸਿੰਘ, ਹਰਦੀਪ ਕੌਰ ਕੋਟਲਾ ਆਦਿ ਹਾਜ਼ਰ ਸਨ।