ਜੋਗਿੰਦਰ ਸਿੰਘ ਓਬਰਾਏ
ਖੰਨਾ, 7 ਮਾਰਚ
ਨਾਮਵਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਯਾਦ ’ਚ ਅੱਜ ਇੱਥੋਂ ਦੀ ਅਨਾਜ ਮੰਡੀ ਦੇ ਖੁੱਲ੍ਹੇ ਪੰਡਾਲ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਨਾਲ ਹੋਈ ਤੇ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਕੀਤੀ।
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਫ਼ਿਲਮੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਸਰਦੂਲ ਸਿਰਫ਼ ਸੁਰਾਂ ਦਾ ਸਿਕੰਦਰ ਨਹੀਂ ਬਲਕਿ ਸੁਰਾਂ ਦਾ ਵਿਗਿਆਨੀ ਸੀ, ਜਿਸ ਨੇ ਸੰਗੀਤ ਜਗਤ ਵਿਚ ਅਮਿੱਟ ਪੈੜਾਂ ਪਾਈਆਂ। ਸੁਰਿੰਦਰ ਛਿੰਦਾ ਨੇ ਕਿਹਾ ਕਿ ਉਸ ਨੇ ਗਾਇਕੀ ਦੀਆਂ ਸਿਖ਼ਰਾਂ ਨੂੰ ਛੂਹਿਆ ਅਤੇ ਨਵੇਂ ਕਲਾਕਾਰਾਂ ਨੂੰ ਉਸਾਰੂ ਸੇਧ ਦਿੱਤੀ। ਸੰਸਦ ਮੈਂਬਰ ਡਾ. ਅਮਰ ਸਿੰਘ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਸਰਦੂਲ ਸਿਕੰਦਰ ਵੱਲੋਂ ਸੰਗੀਤ ਖੇਤਰ ’ਚ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਖੰਨਾ ਇਲਾਕੇ ਵਿਚ ਸਰਦੂਲ ਸਿਕੰਦਰ ਦੀ ਯਾਦਗਾਰ ਸਥਾਪਤ ਕੀਤੀ ਜਾਵੇਗੀ।
ਇਸ ਮੌਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਗਾਇਕ ਮੀਕਾ ਸਿੰਘ, ਪੂਰਨ ਚੰਦ ਵੰਡਾਲੀ, ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਗੀਤਕਾਰ ਬਾਬੂ ਸਿੰਘ ਮਾਨ, ਗੁਲਸ਼ਨ ਕੋਮਲ, ਸਤਵਿੰਦਰ ਬੁੱਗਾ, ਦੁਰਗਾ ਰੰਗੀਲਾ, ਸੰਤ ਦਰਸ਼ਨਪੁਰੀ, ਸੰਤ ਨਿਰਦੋਸ਼ਪੁਰੀ, ਆੜ੍ਹਤੀ ਆਗੂ ਹਰਬੰਸ ਸਿੰਘ ਰੋਸ਼ਾ, ਯਾਦਵਿੰਦਰ ਸਿੰਘ ਲਿੱਬੜਾ, ਪੰਮੀ ਬਾਈ, ਗੋਲਡਨ ਸਟਾਰ ਮਲਕੀਤ ਸਿੰਘ, ਬੀਨੂੰ ਢਿੱਲੋਂ, ਰਾਮ ਸਿੰਘ ਅਲਬੇਲਾ, ਇੰਦਰਜੀਤ ਨਿੱਕੂ, ਹਾਕਮ ਬਖ਼ਤਰੀ ਵਾਲਾ, ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਸਤਵਿੰਦਰ ਬਿੱਟੀ, ਕੁਲਵੰਤ ਬਿੱਲਾ, ਸਾਗਰ ਬਰਨ, ਹਰਜੀਤ ਰਾਣੋਂ, ਰਣਜੀਤ ਬਾਵਾ, ਜੱਸ ਬਾਜਵਾ, ਸੁਦਾਗਰ ਸਿੰਘ ਧਨੋਆ, ਬਿੱਟੂ ਖੰਨੇ ਵਾਲਾ, ਪਾਲੀ ਮਾਂਗਟ, ਰਾਜਵੀਰ ਸਿੰਘ ਲਿੱਬੜਾ, ਬਲਵੀਰ ਰਾਏ, ਗਣੇਸ਼ ਪਰਦੇਸੀ ਤੋਂ ਇਲਾਵਾ ਵੱਖ ਵੱਖ ਫ਼ਿਲਮੀ ਹਸਤੀਆਂ, ਧਾਰਮਿਕ, ਸਮਾਜਿਕ, ਰਾਜਨੀਤਕ, ਵਿੱਦਿਅਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
ਇਸ ਮੌਕੇ ਸ਼ੋਕ ਸੁਨੇਹੇ ਵੀ ਪੜ੍ਹੇ ਗਏ। ਸੰਗੀਤਕਾਰ ਚਰਨਜੀਤ ਆਹੂਜਾ ਨੇ ਸਭ ਦਾ ਧੰਨਵਾਦ ਕੀਤਾ।