ਗੌਰਵਪਾਲ ਸੂਦ/ਹਰਦੀਪ ਸਿੰਘ ਭੰਗੂ
ਭਾਦਸੋਂ, 1 ਅਪਰੈਲ
ਪੰਥ ਰਤਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 17ਵੀਂ ਬਰਸੀ ਪਰਿਵਾਰ ਵੱਲੋਂ ਜੱਦੀ ਪਿੰਡ ਟੌਹੜਾ ਵਿੱਚ ਸਾਦੇ ਢੰਗ ਨਾਲ ਮਨਾਈ ਗਈ। ਇਸ ਦੌਰਾਨ ਮਰਹੂਮ ਆਗੂ ਨੂੰ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਦਿੱਤੀ। ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਪੁੱਜੇ। ਉਨ੍ਹਾਂ ਦਾ ਕਹਿਣਾ ਸੀ ਕਿ ਜਥੇਦਾਰ ਟੌਹੜਾ ਨੇ ਸਬਰ ਤੇ ਸੰਤੋਖ ਨਾਲ ਮਾਨਵਤਾ ਦੀ ਸੇਵਾ ਕੀਤੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਥੇਦਾਰ ਟੌਹੜਾ ਦੀ ਬਰਸੀ ’ਤੇ ਰਾਜ ਪੱਧਰੀ ਸਮਾਗਮ ਕਰਵਾਇਆ ਜਾਣਾ ਸੀ ਪਰ ਕਰੋਨਾ ਕਰਕੇ ਪਰਿਵਾਰ ਵੱਲੋਂ ਸਾਦਾ ਸ਼ਰਧਾਂਜਲੀ ਸਮਾਗਮ ਹੀ ਕਰਵਾਇਆ ਗਿਆ। ਇਸ ਮੌਕੇ ਮੰਤਰੀ ਨੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਯੂਥ ਆਗੂ ਹਰਿੰਦਰਪਾਲ ਸਿੰਘ ਟੌਹੜਾ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਜਥੇਦਾਰ ਟੌਹੜਾ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
ਸ੍ਰੀ ਧਰਮਸੋਤ ਨੇ ਕਿਹਾ ਕਿ ਜਥੇਦਾਰ ਟੌਹੜਾ ਦੀ ਸ਼ਖ਼ਸੀਅਤ ’ਤੇ ਕਦੇ ਵੀ ਕੋਈ ਉਂਗਲ ਨਹੀਂ ਉਠਾ ਸਕਿਆ। ਉਨ੍ਹਾਂ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਅਗਵਾਈ ਕਰਦਿਆਂ ਬਿਨਾਂ ਕਿਸੇ ਸਿਆਸੀ ਦਬਾਅ ਦੇ ਸੱਚ ਦੀ ਲੜਾਈ ਲੜੀ। ਜ਼ਿਕਰਯੋਗ ਹੈ ਕਿ ਜਥੇਦਾਰ ਟੌਹੜਾ ਸ਼੍ਰੋਮਣੀ ਕਮੇਟੀ ਦੇ ਸਭ ਤੋਂ ਵੱਧ ਸਮਾਂ ਪ੍ਰਧਾਨ ਰਹੇ ਹਨ। ਉਨ੍ਹਾਂ ਦੇ ਗ੍ਰਹਿ ਵਿਖੇ ਕਰਵਾਏ ਗਏ ਸਹਿਜ ਪਾਠ ਦੇ ਭੋਗ ਮੌਕੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੇ ਪਰਿਵਾਰ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਪਟਿਆਲਾ ਦੇ ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਟੌਹੜਾ, ਕੰਵਰਵੀਰ ਸਿੰਘ, ਜ਼ਿਲ੍ਹਾ ਪਰਿਸ਼ਦ ਮੈਂਬਰ ਮਨਪਾਲ ਸਿੰਘ ਗੋਗੀ ਟਿਵਾਣਾ, ਪਰਮਜੀਤ ਸਿੰਘ ਖੱਟੜਾ ਆਦਿ ਹਾਜ਼ਰ ਸਨ।