ਆਤਿਸ਼ ਗੁਪਤਾ
ਚੰਡੀਗੜ੍ਹ, 23 ਜੂਨ
‘ਉੱਡਣੇ ਸਿੱਖ’ ਵਜੋਂ ਮਕਬੂਲ ਅਥਲੀਟ ਮਿਲਖਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਨੂੰ ਅੱਜ ਇੱਥੋਂ ਦੇ ਸੈਕਟਰ-8 ਸਥਿਤ ਗੁਰਦੁਆਰੇ ਵਿੱਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਕਰੋਨਾਵਾਇਰਸ ਕਾਰਨ ਪ੍ਰਸ਼ਾਸਨ ਵੱਲੋਂ ਅੰਤਿਮ ਅਰਦਾਸ ਦੌਰਾਨ ਪਰਿਵਾਰਕ ਮੈਂਬਰਾ ਸਣੇ 50 ਲੋਕਾਂ ਦੇ ਸ਼ਾਮਲ ਹੋਣ ਦੀ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਕਰਕੇ ਦੇਸ਼ ਦੇ ਸਿਆਸੀ, ਸਮਾਜਿਕ, ਪ੍ਰਸ਼ਾਸਨਿਕ ਅਤੇ ਖੇਡ ਜਗਤ ਨਾਲ ਜੁੜੀ ਸ਼ਖਸੀਅਤਾਂ ਨੇ ਵਰਚੁਅਲ ਹਾਜ਼ਰੀ ਭਰੀ। ਇਸ ਮੌਕੇ ਮਿਲਖਾ ਸਿੰਘ ਦੇ ਪੁੱਤਰ ਜੀਵ ਮਿਲਖਾ ਸਿੰਘ, ਸੋਨੀਆ ਮਿਲਖਾ ਸਿੰਘ, ਮੋਨਾ ਮਿਲਖਾ ਸਿੰਘ, ਜਵਾਈ ਮਨੀਸ਼ ਅਤੇ ਹੋਰ ਪਰਿਵਾਰਕ ਮੈਂਬਰਾਂ ਸਣੇ ਪ੍ਰਫੈਸ਼ਨਲ ਗੋਲਫ ਟੂਰ ਆਫ ਇੰਡੀਆ ਦੇ ਸੀਈਓ ਉੱਤਮ ਸਿੰਘ, ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਅਮਰਿੰਦਰ ਸਿੰਘ ਬਜਾਜ, ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਅਤੇ ਜਨਰਲ ਸਕੱਤਰ ਰਾਮਵੀਰ ਭੱਟੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਮਿਲਖਾ ਸਿੰਘ (92) ਅਤੇ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ (85) ਪਿਛਲੇ ਕੁੱਝ ਦਿਨਾਂ ਤੋਂ ਕਰੋਨਾ ਤੋਂ ਪੀੜਤ ਸਨ। ਉਨ੍ਹਾਂ ਦਾ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਚੱਲ ਰਿਹਾ ਸੀ। ਇਸੇ ਦੌਰਾਨ ਸਿਹਤ ਜ਼ਿਆਦਾ ਖਰਾਬ ਹੋਣ ਕਰਕੇ ਨਿਰਮਲਾ ਮਿਲਖਾ ਸਿੰਘ ਦਾ 12 ਜੂਨ ਅਤੇ ਮਿਲਖਾ ਸਿੰਘ ਦਾ 18 ਜੂਨ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਅਥਲੈਟਿਕਸ ਵਿੱਚ ਭਾਰਤ ਵੱਲੋਂ ਖੇਡਦਿਆਂ ਚੰਗਾ ਨਾਮਣਾ ਖੱਟਿਆ। ਏਸ਼ਿਆਈ ਖੇਡਾਂ, ਓਲੰਪਿਕ ਅਤੇ ਰਾਸ਼ਟਰ ਮੰਡਲ ਖੇਡਾਂ ਵਿੱਚ ਉਨ੍ਹਾਂ ਨੇ ਕਈ ਰਿਕਾਰਡ ਬਣਾਏ। ਇਸੇ ਤਰ੍ਹਾਂ ਨਿਰਮਲ ਮਿਲਖਾ ਸਿੰਘ ਵੀ ਭਾਰਤੀ ਵਾਲੀਬਾਲ ਟੀਮ ਦੇ ਕਪਤਾਨ ਰਹੇ।
ਇਸ ਦੌਰਾਨ ਪੰਜਾਬ ਸਰਕਾਰ ਨੇ ਖੇਡ ਯੂਨੀਵਰਸਿਟੀ, ਪਟਿਆਲਾ ਵਿੱਚ ਮਿਲਖਾ ਸਿੰਘ ਚੇਅਰ ਸਥਾਪਤ ਕਰਨ ਅਤੇ ਹਰਿਆਣਾ ਸਰਕਾਰ ਨੇ ਮੋਰਨੀ ਦੇ ਨਾਲ ਲਗਦੇ ਟਿੱਕਰ ਤਾਲ ਵਿੱਚ ਬਣਾਏ ਜਾ ਰਹੇ ਕਲੱਬ ਦਾ ਨਾਂ ਮਿਲਖਾ ਸਿੰਘ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ ਹੈ।
ਮਿਲਖਾ ਸਿੰਘ ਦੇ ਨਾਂ ’ਤੇ ਖੇਡ ਇੰਸਟੀਚਿਊਟ ਬਣਾਇਆ ਜਾਵੇ: ਢੀਂਡਸਾ
ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮਿਲਖਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੋਹਾਂ ਨੇ ਵਿਸ਼ਵ ਪੱਧਰ ’ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਖੇਡ ਯੂਨੀਵਰਸਿਟੀ, ਪਟਿਆਲਾ ਵਿੱਚ ਮਿਲਖਾ ਸਿੰਘ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਦੀ ਜਗ੍ਹਾ ਯੂਨੀਵਰਸਿਟੀ ਦਾ ਨਾਂ ਹੀ ਮਿਲਖਾ ਸਿੰਘ ਦੇ ਨਾਂ ’ਤੇ ਰੱਖ ਦੇਣਾ ਚਾਹੀਦਾ ਹੈ ਜਾਂ ਉਨ੍ਹਾਂ ਦੇ ਨਾਂ ’ਤੇ ਹੋਰ ਖੇਡ ਇੰਸਟੀਚਿਊਟ ਬਣਾਉਣਾ ਚਾਹੀਦਾ ਹੈ। ਇਸ ਨਾਲ ਮਿਲਖਾ ਸਿੰਘ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।