ਬੇਅੰਤ ਸਿੰਘ ਸੰਧੂ
ਪੱਟੀ, 3 ਮਾਰਚ
ਦਿੱਲੀ ਦੇ ਸਿੰਘੂ ਬਾਰਡਰ ’ਤੇ ਬੀਤੇ 22 ਫ਼ਰਵਰੀ ਨੂੰ ਸ਼ਹੀਦ ਹੋਏ ਪੱਟੀ ਨੇੜਲੇ ਪਿੰਡ ਨਦੋਹਰ ਦੇ ਕਿਸਾਨ ਮੰਗਲ ਸਿੰਘ(45) ਵਾਸੀ ਨਮਿਤ ਸ਼ਰਧਾਂਜਲੀ ਸਮਾਗਮ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਵੱਲੋਂ ਕਰਵਾਇਆ ਗਿਆ। ਅੰਤਿਮ ਅਰਦਾਸ ਲਈ ਗ੍ਰੰਥੀ ਸਿੰਘਾਂ ਵੱਲੋਂ ਅਖੰਡ ਪਾਠ ਦੀ ਸੇਵਾ ਮੁਫ਼ਤ ਨਿਭਾਈ ਗਈ। ਕਿਸਾਨ ਆਗੂਆਂ ਸੁਖਦੇਵ ਸਿੰਘ ਮੰਡ, ਸੋਹਣ ਸਿੰਘ ਆਦੀ, ਕਾਰਜ ਸਿੰਘ ਘਰਿਆਲਾ, ਸੁਖਵੰਤ ਸਿੰਘ ਦੁੱਬਲੀ, ਜਗਬੀਰ ਸਿੰਘ ਸਰਾਲੀ ਮੰਡਾਂ, ਅੰਗਰੇਜ਼ ਸਿੰਘ ਚਾਟੀਵਿੰਡ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਕਿਸਾਨ ਮੰਗਲ ਸਿੰਘ ਸੰਯੁਕਤ ਮੋਰਚੇ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ ਹੱਦ ’ਤੇ ਸੰਘਰਸ਼ ਵਿੱਚ ਯੋਗਦਾਨ ਪਾ ਰਿਹਾ ਸੀ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੇ ਸ਼ਹੀਦਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸੁਖਵਿੰਦਰ ਸਿੰਘ ਸਭਰਾ ਵੱਲੋਂ ਸ਼ਹੀਦ ਦੀ ਭੈਣ ਜਸਬੀਰ ਕੌਰ ਨੂੰ 50,000 ਤੇ ਪੱਟੀ ਤੋਂ ‘ਆਪ’ ਆਗੂ ਲਾਲਜੀਤ ਸਿੰਘ ਭੁੱਲਰ ਨੇ 21,000 ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ। ਇਸ ਤੋਂ ਇਲਾਵਾ ਸੰਯੁਕਤ ਮੋਰਚੇ ਤੇ ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਦੀ ਅਗਵਾਈ ਹੇਠ ਆਗੂਆਂ ਵੱਲੋਂ ਭੈਣ ਜਸਬੀਰ ਕੌਰ ਵਿਸ਼ੇਸ਼ ਸਨਮਾਨ ਕਰਦਿਆਂ ਖੇਤੀ ਕਾਨੂੰਨ ਰੱਦ ਹੋਣ ਤਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ। ਇਸ ਮੌਕੇ ਪ੍ਰਗਟ ਸਿੰਘ ਚੰਬਾਂ, ਸੁਖਦੇਵ ਸਿੰਘ ਜੰਡੋਕੇ, ਸਰਬਜੀਤ ਸਿੰਘ ਸੋਨੂੰ ਸਭਰਾ, ਨੌਨਿਹਾਲ ਸਿੰਘ ਸੀਤੋ, ਬਲਕਾਰ ਸਿੰਘ ਸਰਪੰਚ ਸੀਤੋ, ਉਘਰ ਸਿੰਘ ਨਦੋਹਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਤੇ ਕਿਰਤੀ ਬੀਬੀਆਂ ਹਾਜ਼ਰ ਹੋਈਆਂ।