ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਦਸੰਬਰ
ਚੰਡੀਗੜ੍ਹ ਦੇ ਸਾਹਿਤ ਤੇ ਕਲਾ ਪ੍ਰੇਮੀ ਹਿੰਦੀ ਲੇਖਿਕਾ ਅਤੇ ਕਲਾ ਸਮੀਖਿਅਕ ਮਧੁਰ ਕਪਿਲਾ ਨਮਿਤ ਸ਼ਰਧਾਂਜਲੀ ਸਮਾਰੋਹ ਭਲਕੇ 29 ਦਸੰਬਰ ਬੁੱਧਵਾਰ ਨੂੰ ਸੈਕਟਰ-16 ਦੇ ਆਰੀਆ ਸਮਾਜ ਮੰਦਰ ਵਿੱਚ ਬਾਅਦ ਦੁਪਹਿਰ 2.30 ਵਜੇ ਹੋਵੇਗਾ। ਹਿੰਦੀ ਸਾਹਿਤ ਵਿੱਚ ਯੋਗਦਾਨ ਪਾਉਣ ਦੇ ਨਾਲ-ਨਾਲ ਹਿੰਦੀ ਅਤੇ ਪੰਜਾਬੀ ਪੱਤਰਕਾਰੀ ਖੇਤਰ ਵਿੱਚ ਕਲਾ ਸਮੀਖਿਅਕ ਵਜੋਂ ਨਿਵੇਕਲੀ ਪਛਾਣ ਬਣਾਉਣ ਵਾਲੀ ਲੇਖਿਕਾ ਦਾ ਪਿਛਲੇ ਹਫ਼ਤੇ ਦੇਹਾਂਤ ਹੋ ਗਿਆ ਸੀ।
ਜਲੰਧਰ ਦੀ ਜੰਮਪਲ ਮਧੁਰ ਕਪਿਲਾ ਨੇ ਦੇਸ਼ ਦੀ ਵੰਡ ਵੇਲੇ 12 ਸਾਲ ਦੀ ਉਮਰੇ ਆਂਢ-ਗੁਆਂਢ ਉਜਾੜੇ ਦਾ ਦਰਦ ਆਪਣੇ ਮਨ ਉੱਤੇ ਹੰਢਾਇਆ। ਵੰਡ ਦੀ ਮਾਰ ਹੇਠ ਆਈ ਔਰਤ ਦੀ ਕਹਾਣੀ ਉੱਤੇ ਆਧਾਰਿਤ ਉਨ੍ਹਾਂ ਦਾ ਪਹਿਲਾ ਨਾਵਲ ‘ਭਟਕਦੇ ਰਾਹੀ’ ਸੰਨ 1964 ਵਿੱਚ ਛਪਿਆ ਸੀ। ਪੱਤਰਕਾਰ ਰਮੇਸ਼ ਕਪਿਲਾ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਨੇ ਮਧੁਰ ਕਪਿਲਾ ਵਜੋਂ ਸੁਤੰਤਰ ਤੌਰ ਉੱਤੇ ਪੱਤਰਕਾਰੀ ਸ਼ੁਰੂ ਕੀਤੀ। ਚੰਡੀਗੜ੍ਹ ਆਉਣ ਤੋਂ ਬਾਅਦ ਮਧੁਰ ਕਪਿਲਾ ਨੇ ‘ਦੈਨਿਕ ਟ੍ਰਿਬਿਊਨ’ ਅਤੇ ‘ਪੰਜਾਬੀ ਟ੍ਰਿਬਿਊਨ’ ਦੇ ਕਲਾ ਸਮੀਖਿਅਕ ਵਜੋਂ ਚੰਡੀਗੜ੍ਹ ਦੇ ਸਾਹਿਤਕ ਪੱਤਰਕਾਰੀ ਦੇ ਖੇਤਰ ਵਿੱਚ ਆਪਣਾ ਨਾਂਅ ਬਣਾਇਆ। ਦੇਸ਼ ਦੀ ਵੰਡ ਦੇ ਦਰਦ ਨੂੰ ਬਿਆਨਦਾ ਉਨ੍ਹਾਂ ਦਾ ਨਵਾਂ ਨਾਵਲ ‘ਨਿਸ਼ੇਸ਼’ ਛਪਾਈ ਅਧੀਨ ਹੈ।