ਹਰਪਾਲ ਨਾਗਰਾ/ਦਲਬੀਰ ਸੱਖੋਵਾਲੀਆ
ਫਤਿਹਗੜ੍ਹ ਚੂੜੀਆਂ/ਬਟਾਲਾ, 5 ਮਾਰਚ
ਲੋਕ ਪੱਖੀ ਗਾਇਕ ਤੇ ਇਪਟਾ ਲਹਿਰ ਦੇ ਬਾਨੀਆਂ ’ਚੋਂ ਇਕ ਅਮਰਜੀਤ ਗੁਰਦਾਸਪੁਰੀ ਨਮਿਤ ਪਾਠ ਦਾ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਉਦੋਵਾਲੀ ਕਲਾਂ ਵਿੱਚ ਹੋਇਆ। ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਭਾਈ ਬਖ਼ਸ਼ੀਸ਼ ਸਿੰਘ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰੀ ਨੂੰ ਮਹਾਨ ਕ੍ਰਾਂਤੀਕਾਰੀ ਦੱਸਦਿਆਂ ਕਿਹਾ ਕਿ ਗੁਰਦਾਸਪੁਰੀ ਦੇ ਜਾਣ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰੀ ਦੀ ਇਨਕਲਾਬੀ ਸੋਚ ਤੇ ਯਾਦ ਨੂੰ ਜਿਊਂਦੇ ਰੱਖਣ ਲਈ ਵੱਧ-ਚੜ੍ਹ ਕੇ ਹਿੱਸਾ ਪਾਇਆ ਜਾਵੇਗਾ। ਇਸ ਮੌਕੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗੁਰਦਾਸਪੁਰੀ ਨੇ ਸਮਾਜ ਨੂੰ ਸਹੀ ਸੇਧ ਦਿੱਤੀ। ਉਨ੍ਹਾਂ ਕਿਹਾ ਕਿ ਗੁਰਦਾਸਪੁਰੀ ਦੀ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ। ਇਸ ਮੌਕੇ ਮੌਕੇ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਸੀਪੀਆਈ ਦੇ ਜਨਰਲ ਸਕੱਤਰ ਬੰਤ ਬਰਾੜ, ਡਾ. ਇਕਬਾਲ ਕੌਰ ਸੌਂਧ, ਗਾਇਕ ਪਰਮਜੀਤ ਪੰਮੀ ਬਾਈ, ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਮੱਖੜ ਕੁਹਾੜ, ਇੰਦਰਜੀਤ ਸਿੰਘ ਰੂਪੋਵਾਲੀ, ਗੁਰਮੀਤ ਸਿੰਘ ਪਾਹੜਾ, ਪੱਤਰਕਾਰ ਜਤਿੰਦਰ ਪੰਨੂ, ਡੀਆਈਜੀ ਗੁਰਪ੍ਰੀਤ ਸਿੰਘ ਤੂਰ, ਪ੍ਰਧਾਨ ਸੁਰਜੀਤ ਸਪੋਰਟਸ ਬਟਾਲਾ ਪ੍ਰਧਾਨ ਪ੍ਰਿਥੀਪਾਲ ਸਿੰਘ ਹੇਅਰ, ਪ੍ਰੋ. ਜਾਗੀਰ ਸਿੰਘ ਕਾਹਲੋਂ ਟੋਰਾਂਟੋ, ਸੀਪੀਆਈ ਦੇ ਸਕੱਤਰ ਬੰਤ ਸਿੰਘ ਬਰਾੜ, ਇਪਟਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੰਜੀਵਨ ਸਿੰਘ, ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਤੇ ਗੁਰਮੀਤ ਸਿੰਘ ਬਾਜਵਾ ਕਲਾਨੌਰ ਨੇ ਵੀ ਗੁਰਦਾਸਪੁਰੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ, ਸਾਹਿਤ ਅਕੈਡਮੀ ਲੁਧਿਆਣਾ, ਪੰਜਾਬ ਕਲਾ ਪ੍ਰੀਸ਼ਦ, ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ, ਜਸਪਾਲ ਹੰਜਰਾ ਸਾਹਿਤਕ ਮੰਚ ਫਤਿਹਗੜ੍ਹ ਚੂੜੀਆਂ, ਪੰਜਾਬੀ ਸਾਹਿਤ ਸਭਾ ਬਟਾਲਾ ਅਤੇ ਹੋਰ ਵੱਖ ਵੱਖ ਸਭਾਵਾਂ ਨੇ ਸ਼ੋਕ ਮਤੇ ਭੇਜ ਕੇ ਗੁਰਦਾਸਪੁਰੀ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਗੁਰਦਾਸਪੁਰੀ ਦੇ ਲੜਕੇ ਤੇਜ ਬਿਕਰਮ ਸਿੰਘ ਰੰਧਾਵਾ ਨੇ ਪਰਿਵਾਰ ਵੱਲੋਂ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਜਸਵਿੰਦਰ ਸਿੰਘ ਸੁਨਾਮੀ, ਸੁਰਿੰਦਰ ਸਿੰਘ ਭਾਗੋਵਾਲੀਆ, ਬਲਦੇਵ ਸਿੰਘ ਰੰਧਾਵਾ, ਅਮਰੀਕ ਸਿੰਘ ਗਾਜ਼ੀਨੰਗਲ, ਰਛਪਾਲ ਰਸੀਲਾ ਤੇ ਮੋਹਿਨੀ ਰਸੀਲਾ, ਉਸਤਾਦ ਲਾਲ ਚੰਦ ਯਮਲਾ ਜੱਟ ਦੀ ਨੂੰਹ ਸਰਬਜੀਤ ਕੌਰ, ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ, ਕਾਮਰੇਡ ਸੰਤੋਖ ਸਿੰਘ ਸੰਘੇੜਾ, ਉੱਘੇ ਲੇਖਕ ਡਾ. ਅਨੂਪ ਸਿੰਘ, ਮਾਸਟਰ ਰਘਬੀਰ ਸਿੰਘ ਪਕੀਵਾਂ ਹਾਜ਼ਰ ਸਨ।
ਗੁਰਦਾਸਪੁਰੀ ਦੀ ਯਾਦ ’ਚ ਸਿਮਰਤੀ ਗ੍ਰੰਥ ਤਿਆਰ ਕੀਤਾ ਜਾਵੇਗਾ : ਗੁਰਭਜਨ ਗਿੱਲ
ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਇਸ ਖੁਸ਼ਮਿਜ਼ਾਜ ਤੇ ਪਿਆਰ ਵੰਡਣ ਵਾਲੇ ਲੋਕ ਪੱਖੀ ਗਾਇਕ ਦੇ ਤੁਰ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰੀ ਦੀ ਯਾਦ ’ਚ ਸਿਮਰਤੀ ਗ੍ਰੰਥ ਤਿਆਰ ਕੀਤਾ ਜਾਵੇਗਾ।