ਪੱਤਰ ਪ੍ਰੇਰਕ
ਬਨੂੜ, 11 ਅਗਸਤ
ਸਥਾਨਕ ਵਾਰਡ ਨੰਬਰ ਗਿਆਰਾਂ ਦੀ ਮੀਰਾ ਸ਼ਾਹ ਕਲੋਨੀ ਦੇ ਸੱਤ ਨੌਜਵਾਨ ਜੋ ਬੀਤੀ ਪਹਿਲੀ ਅਗਸਤ ਨੂੰ ਹਿਮਾਚਲ ਦੇ ਊਨਾ ਨੇੜੇ ਗੋਬੰਦ ਸਾਗਰ ਝੀਲ ਵਿੱਚ ਡੁੱਬਣ ਕਾਰਨ ਮਾਰੇ ਗਏ ਸਨ, ਨਮਿੱਤ ਸਾਂਝਾ ਸ਼ਰਧਾਂਜਲੀ ਸਮਾਰੋਹ 13 ਅਗਸਤ ਨੂੰ ਬਨੂੜ ਦੀ ਅਨਾਜ ਮੰਡੀ ਵਿੱਚ ਹੋਵੇਗਾ। ਐੱਮਸੀ ਭਜਨ ਲਾਲ ਨੇ ਦੱਸਿਆ ਕਿ ਗਿਆਰਾਂ ਵਜੇ ਸਮਾਰੋਹ ਆਰੰਭ ਹੋਵੇਗਾ ਤੇ ਬਾਰਾਂ ਵਜੇ ਅੰਤਿਮ ਅਰਦਾਸ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮਰਨ ਵਾਲੇ ਨੌਜਵਾਨਾਂ ਵਿੱਚ ਪਵਨ ਕੁਮਾਰ, ਰਮਨ ਕੁਮਾਰ, ਲਾਭ ਸਿੰਘ, ਲਖਵੀਰ ਸਿੰਘ, ਅਰੁਣ, ਵਿਸ਼ਾਲ ਤੇ ਸ਼ਿਵਾ ਸ਼ਾਮਲ ਹਨ। ਇਹ ਨੌਜਵਾਨ ਮੋਟਰਸਾਈਕਲਾਂ ’ਤੇ ਬਾਬਾ ਬਾਲਕ ਨਾਥ ਦੇ ਮੰਦਰ ਵੱਲ ਜਾਂਦੇ ਹੋਏ ਝੀਲ ਵਿੱਚ ਨਹਾਉਣ ਲਈ ਉਤਰੇ ਸਨ, ਪਰ ਵਹਾਅ ਤੇਜ਼ ਹੋਣ ਕਾਰਨ ਡੁੱਬ ਗਏ। ਸਾਰੇ ਨੌਜਵਾਨਾਂ ਦਾ ਸਸਕਾਰ ਵੀ ਇੱਕੋ ਵੇਲੇ ਕੀਤਾ ਗਿਆ ਸੀ। ਮ੍ਰਿਤਕਾਂ ਵਿੱਚੋਂ ਦੋ ਨੌਜਵਾਨ ਇੱਕ ਹੀ ਪਰਿਵਾਰ ਦੇ ਸਨ।