ਚਰਨਜੀਤ ਭੁੱਲਰ
ਚੰਡੀਗੜ੍ਹ, 13 ਜੁਲਾਈ
ਪਾਵਰਕੌਮ ਹੁਣ ਬਿਜਲੀ ਸਪਲਾਈ ’ਚ ਸੁਧਾਰ ਲਈ ਦੋ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕੇਗਾ, ਜਿਸ ’ਤੇ ਪੰਜਾਬ ਸਰਕਾਰ ਨੇ ਆਪਣੀ ਗਾਰੰਟੀ ਪਾ ਦਿੱਤੀ ਹੈ। ਪਾਵਰਕੌਮ ਸਿਰ ਕਰਜ਼ੇ ਦੀ ਪੰਡ ਭਾਰੀ ਹੋਣ ਲੱਗੀ ਹੈ ਅਤੇ ਪਾਵਰਕੌਮ ਨੂੰ ਬੈਂਕਾਂ ਦੇ ਲੜ ਲੱਗਣਾ ਪੈ ਰਿਹਾ ਹੈ। ਜਦੋਂ ਪਾਵਰਕੌਮ ਨੇ ਪੰਜਾਬ ਸਰਕਾਰ ਅੱਗੇ ਨਵੇਂ ਕਰਜ਼ੇ ਲਈ ਗਾਰੰਟੀ ਦੀ ਗੱਲ ਰੱਖੀ ਤਾਂ ਵਿੱਤ ਵਿਭਾਗ ਨੇ ਕਈ ਇਤਰਾਜ਼ ਵੀ ਲਗਾ ਦਿੱਤੇ ਸਨ। ਆਖ਼ਰ ਪੰਜਾਬ ਸਰਕਾਰ ਨੇ ਹੁਣ ਆਪਣੀ ਤਰਫੋਂ ਇਸ ਕਰਜ਼ੇ ਲਈ ਗਾਰੰਟੀ ਦੇ ਦਿੱਤੀ ਹੈ।
ਵੇਰਵਿਆਂ ਅਨੁਸਾਰ ਪਾਵਰਕੌਮ ਸਿਰ ਇਸ ਵੇਲੇ 15,590 ਕਰੋੜ ਰੁਪਏ ਦਾ ਕਰਜ਼ਾ ਹੈ, ਜਿਸ ਦੀਆਂ ਕਿਸ਼ਤਾਂ ਅਤੇ ਵਿਆਜ ਮੋੜਨ ’ਤੇ ਵੀ ਕਾਫੀ ਰਾਸ਼ੀ ਚਲੀ ਜਾਂਦੀ ਹੈ। ਇੱਧਰੋਂ, ਪੰਜਾਬ ਸਰਕਾਰ ਵੱਲੋਂ ਪਾਵਰਕੌਮ ਨੂੰ ਵੇਲੇ ਸਿਰ ਸਬਸਿਡੀ ਦੀ ਰਾਸ਼ੀ ਜਾਰੀ ਨਹੀਂ ਕੀਤੀ ਜਾਂਦੀ। ਹੁਣ ਜਦੋਂ ਪੰਜਾਬ ਵਿੱਚ ਬਿਜਲੀ ਸੰਕਟ ਬਣਿਆ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਸੌ ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਸੀ, ਜਿਸ ਵਿੱਚੋਂ ਕਾਫੀ ਰਾਸ਼ੀ ਜਾਰੀ ਕੀਤੀ ਗਈ ਹੈ।
ਪਾਵਰਕੌਮ ਤਰਫੋਂ ਪਿਛਲੇ ਅਰਸੇ ਦੌਰਾਨ ਟਰਾਂਸਮਿਸ਼ਨ ਸਮਰੱਥਾ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਜਿਸ ਕਰਕੇ ਕੇਂਦਰੀ ਗਰਿੱਡ ਤੋਂ ਸੰਕਟ ਵੇਲੇ ਵਾਧੂ ਬਿਜਲੀ ਲੈਣ ਵਿੱਚ ਮੁਸ਼ਕਲ ਖੜ੍ਹੀ ਹੋ ਗਈ ਸੀ। ਝੋਨੇ ਦੀ ਲੁਆਈ ਦੌਰਾਨ ਬਣੇ ਬਿਜਲੀ ਸੰਕਟ ਨੇ ਸਿਆਸੀ ਤੌਰ ’ਤੇ ਹਾਕਮ ਧਿਰ ਨੂੰ ਕਾਫੀ ਹਲੂਣਾ ਵੀ ਦਿੱਤਾ ਹੈ। ਦੋ ਦਿਨ ਪਹਿਲਾਂ ਹੀ ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਸਿਆਸੀ ਲਾਹੇ ਲਈ ਬਿਜਲੀ ਸੈਕਟਰ ਦਾ ਸ਼ੋਸ਼ਣ ਕਰ ਰਹੀ ਹੈ।
ਪਾਵਰਕੌਮ ਦਾ ਸਾਲਾਨਾ ਰੈਵੀਨਿਊ ਕਰੀਬ 33 ਹਜ਼ਾਰ ਕਰੋੜ ਰੁਪਏ ਹੈ ਅਤੇ ਪਾਵਰਕੌਮ 44 ਹਜ਼ਾਰ ਕਰੋੜ ਦਾ ਕਰਜ਼ਾ ਚੁੱਕ ਸਕਦਾ ਹੈ। ਪਾਵਰਕੌਮ ਨੇ ਹੁਣ ਦੋ ਹਜ਼ਾਰ ਕਰੋੜ ਦਾ ਕਰਜ਼ਾ ਚੁੱਕਣਾ ਹੈ, ਜਿਸ ਵਿੱਚੋਂ ਇੱਕ ਹਜ਼ਾਰ ਕਰੋੜ ਰੁਪਏ ਬਿਜਲੀ ਉਤਪਾਦਨ ਅਤੇ ਹੋਰਨਾਂ ਬਿਜਲੀ ਸੁਧਾਰਾਂ ਲਈ ਵਰਤੇ ਜਾਣੇ ਹਨ ਜਦਕਿ ਇੱਕ ਹਜ਼ਾਰ ਕਰੋੜ ਰੁਪਏ ਵਰਕਿੰਗ ਕੈਪੀਟਲ ਲੋਨ ਵਜੋਂ ਲੈਣੇ ਹਨ।
ਪਾਵਰਕੌਮ ਦੇ ਸਰਕਾਰੀ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਪਾਵਰਕੌਮ ਨੂੰ 31 ਮਾਰਚ, 2021 ਤੱਕ 12,009 ਕਰੋੜ ਦੇ ਕਰਜ਼ੇ ’ਤੇ ਗਾਰੰਟੀ ਦਿੱਤੀ ਹੋਈ ਹੈ, ਜਿਸ ਵਿੱਚੋਂ 1564 ਕਰੋੋੜ ਰੁਪਏ ਇਸੇ ਵਰ੍ਹੇ ਵਾਪਸ ਕੀਤੇ ਜਾਣੇ ਹਨ। ਹੁਣ ਜੋ ਕਰਜ਼ਾ ਲਿਆ ਜਾਣਾ ਹੈ, ਉਸ ਵਿੱਚੋਂ 557 ਕਰੋੜ ਰੁਪਏ ਤਾਂ ਬਿਜਲੀ ਉਤਪਾਦਨ ਆਦਿ ਦੇ ਸੁਧਾਰ ਲਈ ਵਰਤੇ ਜਾਣੇ ਹਨ ਜਦਕਿ 327 ਕਰੋੜ ਰੁਪਏ ਗਰਿੱਡਾਂ ਆਦਿ ’ਤੇ ਖਰਚ ਕੀਤੇ ਜਾਣੇ ਹਨ। ਇਸ ਤੋਂ ਬਿਨਾਂ 1192 ਕਰੋੜ ਰੁਪਏ ਵੰਡ ਪ੍ਰਣਾਲੀ ਦੇ ਸੁਧਾਰਾਂ ’ਤੇ ਖਰਚੇ ਜਾਣੇ ਹਨ। ਜੋ ਨਵਾਂ ਕਰਜ਼ਾ ਚੁੱਕਿਆ ਜਾਣਾ ਹੈ, ਉਸ ’ਚ ਕੁਝ ਕਰਜ਼ਾ ਪਾਵਰਕੌਮ ਨੇ ਆਪਣੀ ਸੰਪਤੀ ਗਿਰਵੀ ਰੱਖ ਕੇ ਵੀ ਚੁੱਕਣਾ ਹੈ।
ਪਾਵਰਕੌਮ ਨੇ ਪੰਜਾਬ ਸਰਕਾਰ ਨੂੰ ਸਪੱਸ਼ਟ ਕੀਤਾ ਹੈ ਕਿ ਸਾਲ 2021-22 ਲਈ 6112 ਕਰੋੜ ਦਾ ਕਰਜ਼ਾ ਚੁੱਕਣ ਦੀ ਲਿਮਿਟ ਸੀ ਅਤੇ ਅਸੂਲਣ ਪਾਵਰਕੌਮ ਹਾਲੇ ਵੀ 3010 ਕਰੋੜ ਦਾ ਨਵਾਂ ਕਰਜ਼ਾ ਚੁੱਕ ਸਕਦਾ ਹੈ, ਪਰ ਪਾਵਰਕੌਮ ਨੇ ਪੰਜਾਬ ਸਰਕਾਰ ਤੋਂ ਦੋ ਹਜ਼ਾਰ ਕਰੋੜ ’ਤੇ ਹੀ ਸਟੇਟ ਗਾਰੰਟੀ ਮੰਗੀ। ਪਿਛਲੇ ਵਰ੍ਹਿਆਂ ਵਿੱਚ ‘ਉਦੈ ਸਕੀਮ’ ਲਈ ਵੀ ਕਰਜ਼ਾ ਚੁੱਕਿਆ ਸੀ, ਜਿਸ ਵਿੱਚੋਂ ਕੁਝ ਹਿੱਸਾ ਪੰਜਾਬ ਸਰਕਾਰ ਨੇ ਵੰਡਾ ਲਿਆ ਸੀ, ਨਹੀਂ ਤਾਂ ਪਾਵਰਕੌਮ ਸਿਰ ਕਰਜ਼ੇ ਦੀ ਪੰਡ ਹੋਰ ਵਧ ਜਾਣੀ ਸੀ।
ਪਾਵਰਕੌਮ ਉਦੋਂ ਤੋਂ ਵਿੱਤੀ ਸੰਕਟ ਵੱਲ ਵਧ ਰਿਹਾ ਹੈ, ਜਦੋਂ ਤੋਂ ਬਿਜਲੀ ਖਰੀਦ ਸਮਝੌਤੇ ਹੋਏ ਹਨ। ਬੇਸ਼ੱਕ ਇਹ ਬੋਝ ਅਖ਼ੀਰ ਖਪਤਕਾਰਾਂ ’ਤੇ ਹੀ ਪੈਣਾ ਹੈ ਪਰ ਪਾਵਰਕੌਮ ਨੂੰ ਹਰ ਵਰ੍ਹੇ ਨਵਾਂ ਕਰਜ਼ਾ ਵੀ ਚੁੱਕਣਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਬਹੁਤ ਘੱਟ ਮੌਕਿਆਂ ’ਤੇ ਸਬਸਿਡੀ ਦੀ ਰਾਸ਼ੀ ਸਮੇਂ ਸਿਰ ਪਾਵਰਕੌਮ ਨੂੰ ਭੁਗਤਾਨ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਪਿਛਲੇ ਸਮੇਂ ਤੋਂ ਪਾਵਰਕੌਮ ਵਿੱਚ ਅਸਾਮੀਆਂ ਖਤਮ ਕਰਨ ਦੇ ਰਾਹ ਪਈ ਹੋਈ ਹੈ ਅਤੇ ਮੌਜੂਦਾ ਸਰਕਾਰ ਨੇ ਤਾਂ ਬਠਿੰਡਾ ਥਰਮਲ ਨੂੰ ਤਾਲਾ ਮਾਰ ਕੇ ਇਹ ਮੁੱਢ ਬੰਨ੍ਹ ਦਿੱਤਾ ਸੀ। ਪਬਲਿਕ ਸੈਕਟਰ ਦੇ ਤਾਪ ਬਿਜਲੀ ਘਰਾਂ ਨੂੰ ਸਿਰਫ ਪੀਕ ਸੀਜ਼ਨ ਮੌਕੇ ਹੀ ਭਖਾਇਆ ਜਾਂਦਾ ਹੈ।
ਸ਼ਾਹਪੁਰ ਕੰਡੀ ਪ੍ਰਾਜੈਕਟ ਲਈ ਕਰਜ਼ਾ ਲੈ ਰਹੇ ਹਾਂ: ਚੇਅਰਮੈਨ
ਪਾਵਰਕੌਮ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ.ਵੇਣੂ ਪ੍ਰਸਾਦ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਦੋ ਹਜ਼ਾਰ ਕਰੋੜ ਦਾ ਕਰਜ਼ਾ ਲੈਣ ਲਈ ਸਟੇਟ ਗਾਰੰਟੀ ਪਾ ਦਿੱਤੀ ਹੈ। ਉਨ੍ਹਾਂ ਨੇ ਇੱਕ ਹਜ਼ਾਰ ਕਰੋੜ ਦਾ ਕਰਜ਼ਾ ਲੈਣ ਲਈ ਟੈਂਡਰ ਪ੍ਰਕਾਸ਼ਿਤ ਕੀਤੇ ਹਨ। ਚੇਅਰਮੈਨ ਨੇ ਦੱਸਿਆ ਕਿ ਸ਼ਾਹਪੁਰ ਕੰਡੀ ਪ੍ਰਾਜੈਕਟ ਲਈ ਇਹ ਕਰਜ਼ਾ ਲਿਆ ਜਾ ਰਿਹਾ ਹੈ। ਵਿੱਤ ਵਿਭਾਗ ਵੱਲੋਂ ਉਠਾਏ ਇਤਰਾਜ਼ ਦੂਰ ਕਰ ਦਿੱਤੇ ਗਏ ਸਨ।