ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 5 ਜਨਵਰੀ
ਏਅਰਬੇਸ ਹਲਵਾਰਾ ਵਿੱਚ ਕੰਮ ਕਰਨ ਵਾਲੇ ਅਤੇ ਆਈਐੱਸਆਈ ਏਜੰਸੀ ਨਾਲ ਕਥਿਤ ਰਾਬਤਾ ਰੱਖਣ ਵਾਲੇ ਤਿੰਨ ਮੁਲਜ਼ਮਾਂ ਵਿੱਚੋਂ ਦੋ ਦੇ ਮਾਪਿਆਂ ਨੇ ਪੁਲੀਸ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਆਪਣੇ ਬੱਚਿਆਂ ਨੂੰ ਨਿਰਦੋਸ਼ ਦੱਸਿਆ ਹੈ। ਏਅਰਬੇਸ ਨਾਲ ਜੁੜੇ ਅਤਿ ਗੰਭੀਰ ਮਾਮਲੇ ਸਬੰਧੀ ਹਿਰਾਸਤ ਵਿੱਚ ਲਏ ਗਏ ਸਾਬਿਰ ਅਲੀ ਵਾਸੀ ਹਿਮਾਚਲ ਪ੍ਰਦੇਸ਼ ਅਤੇ ਰਾਮਪਾਲ ਸਿੰਘ ਵਾਸੀ ਟੂਸਾ ਥਾਣਾ ਸੁਧਾਰ ਦੇ ਪਰਿਵਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ’ਤੇ ਲਗਾਏ ਦੋਸ਼ਾਂ ਨੂੰ ਨਕਾਰਿਆ। ਸਾਬਿਰ ਅਲੀ ਦੀ ਮਾਂ ਖੁਸ਼ਮੀਦਾ ਅਤੇ ਪਿਤਾ ਸ਼ਮਸ਼ਾਦ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਸਾਬਿਰ ਲੌਕਡਾਊਨ ਕਾਰਨ ਹਲਵਾਰਾ ਏਅਰਬੇਸ ’ਚ ਗਿਆ ਹੀ ਨਹੀਂ ਤੇ ਮੌਜੂਦਾ ਸਮੇਂ ਉਹ ਆਪਣੇ ਪਿੰਡ ’ਚ ਮਜ਼ਦੂਰੀ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੇ ਕਿਸੇ ਅਜਿਹੀ ਸੰਸਥਾ ਨਾਲ ਸਬੰਧ ਹੁੰਦੇ ਤਾਂ ਉਨ੍ਹਾਂ ਦੇ ਪਰਿਵਾਰ ਵਿੱਚ ਗ਼ਰੀਬੀ ਤੇ ਲਾਚਾਰੀ ਨਾ ਹੁੰਦੀ। ਪੰਜਾਬ ਪੁਲੀਸ ਵੱਲੋਂ ਛਾਪਾ ਮਾਰ ਕੇ ਸਾਬਿਰ ਨੂੰ ਹਿਰਾਸਤ ’ਚ ਲੈਣ ਮਗਰੋਂ ਹਿਮਾਚਲ ਪੁਲੀਸ ਨੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਵੀ ਲਈ, ਜਿੱਥੋਂ ਕੁਝ ਵੀ ਅਜਿਹਾ ਬਰਾਮਦ ਨਹੀਂ ਹੋਇਆ, ਜਿਸ ਨਾਲ ਕੋਈ ਦੋਸ਼ ਸਾਬਤ ਹੁੰਦਾ ਹੋਵੇ। ਪਰਿਵਾਰ ਅਨੁਸਾਰ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਵੀ ਪੁਲੀਸ ਨੂੰ ਦੇ ਦਿੱਤੀ ਹੈ। ਰਾਮਪਾਲ ਦੀ ਪਤਨੀ ਹਰਜੀਤ ਕੌਰ, ਮਾਮਾ ਬਲਵੀਰ ਸਿੰਘ ਵਾਸੀ ਭੈਣੀ ਦਰੇੜਾਂ ਤੇ ਮਾਮੇ ਦੇ ਲੜਕੇ ਮੇਹਰ ਸਿੰਘ ਨੇ ਦੱਸਿਆ ਕਿ ਰਾਮਪਾਲ ਦੇ ਦੋ ਬੱਚੇ ਹਨ, ਪਰਿਵਾਰ ਮਿਹਨਤ-ਮਜ਼ਦੂਰੀ ਕਰਦਾ ਹੈ। ਪਿਛਲੇ ਛੇ ਮਹੀਨਿਆਂ ਤੋਂ ਉਹ ਹਲਵਾਰੇ ਗਿਆ ਹੀ ਨਹੀਂ। ਰਾਮਪਾਲ ਨਾ ਕਦੇ ਹਿਮਾਚਲ ਗਿਆ ਅਤੇ ਨਾ ਹੀ ਸਾਬਿਰ ਕਦੇ ਉਨ੍ਹਾਂ ਦੇ ਪਿੰਡ ਆਇਆ ਹੈ।
ਮੁਲਜ਼ਮਾਂ ਦਾ ਰਿਮਾਂਡ ਲਿਆ
ਜਗਰਾਉਂ(ਪੱਤਰ ਪ੍ਰੇਰਕ): ਏਅਰਬੇਸ ਹਲਵਾਰਾ ਵਿੱਚ ਬਤੌਰ ਡੀਜ਼ਲ ਮਕੈਨਿਕ ਕੰਮ ਕਰਨ ਵਾਲੇ ਤੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਨੂੰ ਦੇਸ਼ ਦੇ ਖਾਸ ਅਦਾਰਿਆਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਤਿੰਨ ਮੁਲਜ਼ਮਾਂ ਨੂੰ ਬੀਤੇ ਦਿਨ ਪੁਲੀਸ ਨੇ ਸਥਾਨਕ ਅਦਾਲਤ ’ਚ ਪੇਸ਼ ਕਰ ਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਦੱਸਣਯੋਗ ਹੈ ਕਿ ਇਨ੍ਹਾਂ ਮੁਲਜ਼ਮਾਂ ਨੂੰ ਪੁਲੀਸ ਨੇ ਰਿਵਾਲਵਰ ਸਮੇਤ ਹਿਰਾਸਤ ’ਚ ਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹਿਰਾਸਤ ’ਚ ਲਏ ਗਏ ਰਾਮਪਾਲ ਸਿੰਘ, ਸੁਖਕਿਰਨ ਸਿੰਘ ਅਤੇ ਸਾਬਿਰ ਅਲੀ ਕੋਲੋਂ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਨ ਲਈ ਉਨ੍ਹਾਂ ਦਾ ਰਿਮਾਂਡ ਲਿਆ ਗਿਆ ਹੈ।