ਪੱਤਰ ਪ੍ਰੇਰਕ
ਜਗਰਾਉਂ, 13 ਜੂਨ
ਇੱਥੇ ਜੱਚਾ-ਬੱਚਾ ਹਸਪਤਾਲ ਦਾ ਨੀਂਹ ਪੱਥਰ ਰੱਖਣ ਪੁੱਜੇ ਸਿਹਤ ਅਤੇ ਕਿਰਤ ਵਿਭਾਗ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀਆਂ ਸਰਕਾਰ ਵੱਲੋਂ ਵਧਾਈਆਂ ਫੀਸਾਂ ਨੂੰ ਸਹੀ ਠਹਿਰਾਇਆ। ਉਨ੍ਹਾਂ ਮੁੱਖ ਮਾਰਗਾਂ ’ਤੇ ਟਰੌਮਾ ਸੈਂਟਰ ਖੋਲ੍ਹਣ ਦੀ ਗੱਲ ਦੁਹਰਾਈ ਤੇ ਜਗਰਾਉਂ ਵਿੱਚ ਆਈਸੀਯੂ ਸਹੂਲਤਾਂ ਦੇਣ ਦੀ ਗੱਲ ਵਿਚਾਰਧੀਨ ਹੋਣ ਬਾਰੇ ਆਖਿਆ। ਹਸਪਤਾਲਾਂ ਵਿੱਚ ਅਮਲੇ ਸਮੇਤ ਡਾਕਟਰਾਂ ਦੀ ਚਿਰਾਂ ਤੋਂ ਲਟਕੀ ਭਰਤੀ ਸਬੰਧੀ ਸਿਹਤ ਮੰਤਰੀ ਨੇ ਆਖਿਆ ਕਿ ਵਿਭਾਗ ਜਲਦੀ ਹੀ 7 ਹਜ਼ਾਰ ਦੇ ਕਰੀਬ ਵੱਖ-ਵੱਖ ਕੈਟਾਗਰੀਆਂ ਦੀ ਭਰਤੀ ਕਰਨ ਜਾ ਰਿਹਾ ਹੈ। ਸਿੱਧੂ ਨੇ ਅੱਜ ਕਰੋਨਾ ਮਹਾਂਮਾਰੀ ਕਰਕੇ ਬਣੇ ਹਾਲਾਤਾਂ ਦਾ ਫਾਇਦਾ ਉਠਾਉਣ ਵਾਲੇ ਹਸਪਤਾਲਾਂ ਦੇ ਲਾਇਸੈਂਸ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ।