ਚੰਡੀਗੜ੍ਹ, 23 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਾਈਵੇਟ ਟਰਾਂਸਪੋਰਟ ਸੈਕਟਰ ਲਈ ‘ਐਮਨੈਸਟੀ ਸਕੀਮ’ ਦਾ ਐਲਾਨ ਕੀਤਾ ਹੈ ਤਾਂ ਜੋ ਡਿਫਾਲਟਰ ਬੱਸ ਮਾਲਕਾਂ ਨੂੰ ਬਕਾਇਆ ਟੈਕਸ ਭਰਨ ਦਾ ਮੌਕਾ ਦਿੱਤਾ ਜਾ ਸਕੇ| ‘ਆਪ’ ਸਰਕਾਰ ਨੇ ਪੰਜਾਬ ’ਚ ਬੱਸਾਂ ਦੇ ਨਵੇਂ ਬਣ ਰਹੇ ਟਾਈਮ ਟੇਬਲ ਦੀ ਪ੍ਰਕਿਰਿਆ ਦੌਰਾਨ ਹੀ ਇਹ ਫ਼ੈਸਲਾ ਕੀਤਾ ਹੈ ਜਿਸ ਨਾਲ ਕਰੀਬ 75 ਹਜ਼ਾਰ ਬੱਸ, ਕੈਬ ਅਤੇ ਆਟੋ ਰਿਕਸ਼ਾ ਅਪਰੇਟਰਾਂ ਨੂੰ ‘ਐਮਨੈਸਟੀ ਸਕੀਮ’ ਦਾ ਫਾਇਦਾ ਮਿਲ ਸਕੇਗਾ|
ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਜੋ ਆਪਣਾ ਟੈਕਸ ਨਹੀਂ ਭਰ ਸਕੇ, ਉਨ੍ਹਾਂ ਨੂੰ ਇਹ ਵਿਸ਼ੇਸ਼ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 25 ਅਪਰੈਲ ਤੋਂ 24 ਜੁਲਾਈ ਤੱਕ ਤਿੰਨ ਮਹੀਨਿਆਂ ਅੰਦਰ ‘ਐਮਨੈਸਟੀ ਸਕੀਮ’ ਤਹਿਤ ਡਿਫਾਲਟਰ ਬੱਸ ਮਾਲਕ ਆਪਣਾ ਮੋਟਰ ਵਹੀਕਲ ਟੈਕਸ ਬਿਨਾਂ ਕਿਸੇ ਜੁਰਮਾਨੇ ਤੇ ਵਿਆਜ ਤੋਂ ਭਰ ਸਕਣਗੇ। ‘ਆਪ’ ਸਰਕਾਰ ਨੂੰ ਇਸ ਨਵੀਂ ਸਕੀਮ ਜ਼ਰੀਏ ਕਰੀਬ 80 ਕਰੋੋੜ ਦੇ ਬਕਾਇਆ ਟੈਕਸਾਂ ਦੀ ਵਸੂਲੀ ਦੀ ਆਸ ਹੈ। ਇਸ ਤੋਂ ਪਹਿਲਾਂ ਚੰਨੀ ਸਰਕਾਰ ਸਮੇਂ ਟਰਾਂਸਪੋਰਟਰਾਂ ਦੇ ਕਰੀਬ ਸੌ ਕਰੋੜ ਦੇ ਟੈਕਸ ਮੁਆਫ਼ ਕੀਤੇ ਗਏ ਸਨ।
ਗਿਣਤੀ ਪੱਖੋਂ ਦੇਖੀਏ ਤਾਂ ਇਸ ਸਕੀਮ ਦੇ ਦਾਇਰੇ ’ਚ ਕੈਬ ਅਤੇ ਆਟੋ ਰਿਕਸ਼ਾ ਅਪਰੇਟਰ ਜ਼ਿਆਦਾ ਆਉਣਗੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਟਰਾਂਸਪੋਰਟ ਵਿਭਾਗ ਵੱਲੋਂ ਇਸ ਵੇਲੇ ਸੂਬੇ ’ਚ ਨਵੇਂ ਟਾਈਮ ਟੇਬਲ ਬਣਾਏ ਜਾ ਰਹੇ ਹਨ। ਜਿਹੜੇ ਪ੍ਰਾਈਵੇਟ ਬੱਸ ਮਾਲਕ ਡਿਫਾਲਟਰ ਹਨ, ਉਨ੍ਹਾਂ ਨੂੰ ਨਵੇਂ ਟਾਈਮ ਟੇਬਲ ਵਿਚ ਕੋਈ ਥਾਂ ਨਹੀਂ ਮਿਲੇਗੀ। ਬਕਾਇਆ ਟੈਕਸ ਭਰਨ ਵਾਲੇ ਅਪਰੇਟਰ ਨਵੇਂ ਟਾਈਮ ਟੇਬਲ ਵਿੱਚ ਜਗ੍ਹਾ ਲੈਣ ਦੇ ਯੋਗ ਹੋਣਗੇ।
ਮਾਲਵਾ ਬੱਸ ਅਪਰੇਟਰ ਐਸੋਸੀਏਸ਼ਨ ਦੇ ਬਲਤੇਜ ਸਿੰਘ ਬਠਿੰਡਾ ਨੇ ਕਿਹਾ ਜਿਨ੍ਹਾਂ ਡਿਫਾਲਟਰ ਬੱਸ ਮਾਲਕਾਂ ਨੇ ਪਹਿਲਾਂ ਕਿਸ਼ਤਾਂ ਕਰਾ ਲਈਆਂ ਸਨ, ਉਨ੍ਹਾਂ ਲਈ ਵੀ ਬਿਨਾਂ ਜੁਰਮਾਨੇ ਤੋਂ ਵਿਆਜ ਤੋਂ ਪੂਰਾ ਟੈਕਸ ਭਰਨ ਦਾ ਇਹ ਚੰਗਾ ਮੌਕਾ ਹੋਵੇਗਾ। ਦੂਜੇ ਪਾਸੇ ਆਜ਼ਾਦ ਟੈਕਸੀ ਯੂਨੀਅਨ ਦੇ ਸੀਨੀਅਰ ਆਗੂ ਸ਼ਰਨਜੀਤ ਸਿੰਘ ਕਲਸੀ ਨੇ ਕਿਹਾ ਕਿ ਜੇ ਉਹ ਟੈਕਸ ਭਰਨ ਜੋਗੇ ਹੁੰਦੇ ਤਾਂ ਜੁਰਮਾਨੇ ਵੀ ਅਦਾ ਕਰ ਸਕਦੇ ਸਨ। ਉਨ੍ਹਾਂ ਕਿਹਾ ਕਿ ਲੋੜ ਟੈਕਸ ਮੁਆਫ਼ ਕਰਨ ਦੀ ਹੈ।
ਪਤਾ ਲੱਗਾ ਹੈ ਕਿ ਆਉਂਦੇ ਹਫਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਮੀਟਿੰਗ ਕਰ ਰਹੇ ਹਨ ਜਿਸ ’ਚ ਟਾਈਮ ਟੇਬਲ ਨੂੰ ਲੈ ਕੇ ਕੋਈ ਹੋਰ ਫ਼ੈਸਲਾ ਹੋਣ ਦੀ ਸੰਭਾਵਨਾ ਹੈ।
ਅਸੀਂ ਕੀਤਾ ਵਾਅਦਾ ਨਿਭਾਇਆ: ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਵੀਟ ਕਰਕੇ ਕਿਹਾ, ‘ਅੱਜ ਅਸੀਂ ਟਰਾਂਸਪੋਰਟਰਾਂ ਦਾ ਵਾਅਦਾ ਪੂਰਾ ਕਰ ਰਹੇ ਹਨ। ਟਰਾਂਸਪੋਰਟ ਸਾਡੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ ਅਤੇ ਅਸੀਂ ਹਰ ਲੋੜ ’ਤੇ ਉਨ੍ਹਾਂ ਨਾਲ ਖੜ੍ਹੇ ਹਾਂ।’
ਆਬਕਾਰੀ ਲਈ ਵੀ ਸਕੀਮ ਛੇਤੀ
‘ਆਪ’ ਸਰਕਾਰ ਨੇ ਪੁਰਾਣੇ ਟੈਕਸਾਂ ਦੀ ਉਗਰਾਹੀ ਲਈ ਵਿਉਂਤਬੰਦੀ ਸ਼ੁਰੂ ਕੀਤੀ ਹੈ। ਡੁੱਬੇ ਟੈਕਸਾਂ ਦੀ ਵਸੂਲੀ ਅਤੇ ਉਪਰੋਂ ਸਰਕਾਰੀ ਮਾਲੀਏ ਵਿੱਚ ਵਾਧੇ ਦੇ ਮਕਸਦ ਲਈ ਇਸ ਰਾਹ ’ਤੇ ਸਰਕਾਰ ਚੱਲੀ ਹੈ। ਪਤਾ ਲੱਗਾ ਹੈ ਕਿ ਆਬਕਾਰੀ ਮਹਿਕਮੇ ਵੱਲੋਂ ਵੀ ਇਸੇ ਤਰਜ਼ ’ਤੇ ਨਵੀਂ ਸਕੀਮ ਲਿਆਂਦੀ ਜਾ ਰਹੀ ਹੈ ਤਾਂ ਜੋ ਡਿਫਾਲਟਰ ਠੇਕੇਦਾਰਾਂ ਤੋਂ ਪੁਰਾਣੇ ਬਕਾਏ ਵਸੂਲੇ ਜਾ ਸਕਣ। ਆਬਕਾਰੀ ਮਹਿਕਮੇ ਦੇ ਕਰੀਬ 500 ਕਰੋੜ ਦੇ ਪੁਰਾਣੇ ਬਕਾਏ ਅੜੇ ਹੋਏ ਹਨ।