ਸ਼ਗਨ ਕਟਾਰੀਆ
ਬਠਿੰਡਾ, 16 ਮਈ
ਇੱਥੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਵਿਵਾਦਾਂ ’ਚ ਘਿਰੇ ਇੱਥੋਂ ਦੇ ਆਰਟੀਏ ਦਫ਼ਤਰ ਦਾ ਦੌਰਾ ਕੀਤਾ। ਉਨ੍ਹਾਂ ਖ਼ੁਲਾਸਾ ਕੀਤਾ ਕਿ ਆਰਟੀਏ ਦਫ਼ਤਰ ਦੀਆਂ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕਈ ਬੱਸਾਂ ਦੇ ਨਾਜਾਇਜ਼ ਪਰਮਿਟ ਜਾਰੀ ਹੋਏ ਹਨ, ਕਈ ਟਰਾਂਸਪੋਰਟਰਾਂ ਨੂੰ ਪਰਮਿਟ ਨਹੀਂ ਦਿੱਤੇ ਜਾ ਰਹੇ ਤੇ ਸਮਾਂ-ਸਾਰਣੀ ’ਚ ਵੀ ਨਹੀਂ ਪਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਇੱਥੇ ਤੰਦ ਨਹੀਂ ਤਾਣੀ ਉਲਝੀ ਹੋਈ ਸੀ ਅਤੇ ਉਸ ’ਚੋਂ ਅੱਧੀ ਕੁ ਸੁਲਝਾ ਲਈ ਹੈ ਬਾਕੀ ਕੰਮ ਵੀ ਛੇਤੀ ਲੀਹ ’ਤੇ ਲਿਆਂਦਾ ਜਾਵੇਗਾ। ਉਨ੍ਹਾਂ ਇੱਕ ਬੱਸ ਕੰਪਨੀ ਦਾ ਨਾਂਅ ਲੈ ਕੇ ਕਿਹਾ ਕਿ ਅਕਸਰ ਗੱਲਾਂ ਹੁੰਦੀਆਂ ਸਨ ਕਿ ਉਸ ਦੇ ਸੰਚਾਲਕ ਜ਼ਿਆਦਾਤਰ ਆਰਟੀਏ ਦਫ਼ਤਰ ’ਚ ਬੈਠਦੇ ਹਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਉਹ ਦਫ਼ਤਰ ਪਹੁੰਚੇ ਤਾਂ ਵਾਕਿਆ ਹੀ ਉਹ ਉੱਥੇ ਸਨ। ਟਰਾਂਸਪੋਰਟ ਮੰਤਰੀ ਨੇ ਰਵਾਇਤੀ ਸਿਆਸੀ ਪਾਰਟੀਆਂ ’ਤੇ ਅਜਿਹੇ ਦਫ਼ਤਰਾਂ ਅਤੇ ਬੱਸ ਅੱਡਿਆਂ ’ਤੇ ਪੱਕੇ ਕਬਜ਼ੇ ਕਰਨ, ਹਰ ਸਰਕਾਰੀ ਚੀਜ਼ ਨੂੰ ਆਪਣੀ ਨਿੱਜੀ ਜਾਗੀਰ ਸਮਝਣ ਅਤੇ ਮਨਮਾਨੀਆਂ ਕਰਨ ਦੇ ਦੋਸ਼ ਲਾਉਂਦਿਆਂ ਆਖਿਆ ਕਿ ਇੱਕੋ ਨੰਬਰ ’ਤੇ ਇਕ ਤੋਂ ਵੱਧ ਚੱਲਦੀਆਂ ਬੱਸਾਂ ਫੜ ਕੇ ਬੰਦ ਕੀਤੀਆਂ ਜਾਣਗੀਆਂ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਉਨ੍ਹਾਂ ਜੋਧਪੁਰ-ਬਠਿੰਡਾ ਤੇ ਹੋਰ ਲੰਮੇ ਰੂਟਾਂ ’ਤੇ ਦੌੜਦੀਆਂ ਬਿਨਾਂ ਪਰਮਿਟ ਵਾਲੀਆਂ ਲਗਜ਼ਰੀ ਬੱਸਾਂ ਨੂੰ ਬੰਦ ਕਰ ਕੇ ਜੁਰਮਾਨੇ ਲਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਕ ਵੱਡੀ ਨਿੱਜੀ ਬੱਸ ਕੰਪਨੀ ਦੀਆਂ ਅਕਸਰ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਦੇ ਡਰਾਈਵਰ ਤੇ ਕੰਡਕਟਰਾਂ ਤੋਂ ਇਲਾਵਾ ਮਾਲਕ ਵੀ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕਰਮਚਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੂੰ ਵੀ ਸਮਝਾ ਦਿੱਤਾ ਗਿਆ ਹੈ। ਸ੍ਰੀ ਭੁੱਲਰ ਨੇ ਕਿਹਾ ਕਿ ਜੋ ਵੀ ਟਰਾਂਸਪੋਰਟ ਨਿਯਮਾਂ ਦੇ ਉਲਟ ਜਾ ਕੇ ਗ਼ਲਤ ਕੰਮ ਕਰੇਗਾ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰਕਾਰੀ ਅਤੇ ਨਿੱਜੀ ਟਰਾਂਸਪੋਰਟਰਾਂ ਵਿੱਚ ਸਮਾਂ ਸਾਰਣੀ ਨੂੰ ਲੈ ਕੇ ਚੱਲ ਰਹੇ ਰੇੜਕੇ ਬਾਰੇ ਦੱਸਿਆ ਕਿ ਹਾਈ ਕੋਰਟ ਵਿੱਚ ਸਮਾਂ ਸਾਰਣੀ ਬਾਰੇ ਵੇਰਵੇ ਪੇਸ਼ ਕਰ ਦਿੱਤੇ ਗਏ ਹਨ ਅਤੇ ਉਮੀਦ ਹੈ ਮਸਲੇ ਦਾ ਜਲਦੀ ਨਿਪਟਾਰਾ ਹੋ ਜਾਵੇਗਾ।