ਲੁਧਿਆਣਾ (ਟਨਸ): ਦਾਖਾ ਦੇ ਸਟਰੀਟ ਲਾਈਟ ਘੁਟਾਲੇ ਤੇ ਲੁਧਿਆਣਾ ਦੇ ਨਗਰ ਸੁਧਾਰ ਟਰੱਸਟ ’ਚ ਪਲਾਟ ਅਲਾਟਮੈਂਟ ਘੁਟਾਲੇ ਦੀ ਜਾਂਚ ਕਰ ਰਹੇ ਐਸਐਸਪੀ ਰਾਵਿੰਦਰ ਸਿੰਘ ਸੰਧੂ ਦੀ ਬਦਲੀ ਕਰ ਦਿੱਤੀ ਗਈ ਹੈ। ਹੁਣ ਇਨ੍ਹਾਂ ਦੋਵਾਂ ਮਾਮਲਿਆਂ ਦੀ ਜਾਂਚ ਨਵੇਂ ਐਸਐਸਪੀ ਵਿਜੀਲੈਂਸ ਸੂਬਾ ਸਿੰਘ ਕਰਨਗੇ। ਪਿਛਲੀ ਸਰਕਾਰ ਦੌਰਾਨ ਭ੍ਰਿਸ਼ਟਾਚਾਰ ਮਾਮਲਿਆਂ ਦੀ ਜਾਂਚ ਐਸਐਸਪੀ ਵਿਜੀਲੈਂਸ ਬਿਊਰੋ ਰਾਵਿੰਦਰਪਾਲ ਸਿੰਘ ਸੰਧੂ ਕੋਲ ਸੀ ਪਰ ਨਵੀਂ ਤਾਇਨਾਤੀ ਕਰਨ ਤੋਂ ਬਾਅਦ ਨਗਰ ਸੁਧਾਰ ਟਰੱਸਟ ਅਤੇ ਸਟਰੀਟ ਲਾਈਟ ਘੁਟਾਲੇ ਦੀ ਜਾਂਚ ਸੂਬਾ ਸਿੰਘ ਕਰਨਗੇ ਜਦੋਂ ਕਿ ਦਾਣਾ ਮੰਡੀ ਟਰਾਂਸਪੋਰਟੇਸ਼ਨ ਘੁਟਾਲੇ ਵਿੱਚ ਜੇਲ੍ਹ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਲੁਧਿਆਣਾ ਕੋਲ ਹੀ ਰਹੇਗੀ। ਸੂਬਾ ਸਿੰਘ ਵੱਲੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ।