ਖੇਤਰੀ ਪ੍ਰਤੀਨਿਧ
ਪਟਿਆਲਾ, 8 ਮਈ
ਕੇਂਦਰੀ ਜੇਲ੍ਹ ਪਟਿਆਲਾ ਵਿੱਚ ਤਾਇਨਾਤ ਇੱਕ ਹੋਮਗਾਰਡ ਮੁਲਾਜ਼ਮ ਗੁਰਪ੍ਰੀਤ ਸਿੰਘ ਦੀ ਕੁੱਟਮਾਰ ਸਬੰਧੀ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਖ਼ਿਲਾਫ਼ ਬੀਤੇ ਦਿਨ ਦਰਜ ਕੀਤੇ ਗਏ ਕੇਸ ਮਗਰੋਂ ਅੱਜ ਜੇਲ੍ਹ ਵਿਭਾਗ ਨੇ ਉਸ ਦਾ ਤਬਾਦਲਾ ਕਰ ਦਿੱਤਾ ਹੈ। ਸੁੱਚਾ ਸਿੰਘ ਨੂੰ ਹੁਣ ਮੁੱਖ ਦਫ਼ਤਰ ਚੰਡੀਗੜ੍ਹ ਵਿੱਚ ਮੁੱਖ ਭਲਾਈ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ, ਜਦਕਿ ਕੇਦਰੀ ਜੇਲ੍ਹ ਪਟਿਆਲਾ ਵਿੱਚ ਹੁਣ ਮਨਜੀਤ ਸਿੰਘ ਟਿਵਾਣਾ ਨਵੇਂ ਜੇਲ੍ਹ ਸੁਪਰਡੈਂਟ ਹੋਣਗੇ। ਇਸ ਤੋਂ ਪਹਿਲਾਂ ਉਹ ਖੁੱਲ੍ਹੀ ਖੇਤੀਬਾੜੀ ਜੇਲ੍ਹ ਨਾਭਾ ਦੇ ਸੁਪਰਡੈਂਟ ਸਨ। ਮਨਜੀਤ ਟਿਵਾਣਾ ਨੂੰ ਜੇਲ੍ਹ ਵਿਭਾਗ ਦੇ ਪਟਿਆਲਾ ’ਚ ਹੀ ਸਥਿਤ ਸੂਬਾਈ ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਇਸੇ ਦੌਰਾਨ ਪਟਿਆਲਾ ਜੇਲ੍ਹ ਵਿੱਚ ਵਧੀਕ ਸੁਪਰਡੈਂਟ ਵਜੋਂ ਤਾਇਨਾਤ ਰਹੇ ਰਾਜਦੀਪ ਸਿੰਘ ਬਰਾੜ ਨੂੰ ਵੀ ਇੱਥੋਂ ਬਦਲ ਦੇ ਡਿਪਟੀ ਸੁਪਰਡੈਂਟ (ਐਡਮਿਨਿਸਟ੍ਰੇਸ਼ਨ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ) ਲਾਇਆ ਗਿਆ ਹੈ। ਬਰਾੜ ਦੀ ਥਾਂ ਹੁਣ ਗੁਰਚਰਨ ਸਿੰਘ ਧਾਲੀਵਾਲ ਕੇਂਦਰੀ ਜੇਲ੍ਹ ਪਟਿਆਲਾ ਦੇ ਨਵੇਂ ਵਧੀਕ ਸੁਪਰਡੈਂਟ ਹੋਣਗੇ। ਉਹ ਜੇਲ੍ਹ ਵਿਭਾਗ ਦੇ ਪਟਿਆਲਾ ਸਥਿਤ ਸੂਬਾਈ ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਵਜੋਂ ਕਾਰਜਸ਼ੀਲ ਸਨ। ਸ੍ਰੀ ਧਾਲੀਵਾਲ ਪਹਿਲਾਂ ਵੀ ਕਾਫ਼ੀ ਸਮਾਂ ਪਟਿਆਲਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਰਹਿ ਚੁੱਕੇ ਹਨ। ਉਨ੍ਹਾਂ ਇੱਥੇ ਕੁਝ ਸਮਾਂ ਕਾਰਜਕਾਰੀ ਜੇਲ੍ਹ ਸੁਪਰਡੈਂਟ ਵਜੋਂ ਵੀ ਸੇਵਾ ਨਿਭਾਈ ਹੈ।