ਗੁਰਦੀਪ ਸਿੰਘ ਲਾਲੀ/ਬੀਰਇੰਦਰ ਬਨਭੌਰੀ
ਸੰਗਰੂਰ/ਸੁਨਾਮ, 17 ਸਤੰਬਰ
ਜ਼ਿਲ੍ਹਾ ਪੁਲੀਸ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿਸ਼ੇਸ਼ ਸਰਚ ਅਪ੍ਰਰੇਸ਼ਨ ‘ਕਾਸਕੋ’ ਚਲਾਇਆ ਗਿਆ। ਇਸ ਅਪਰੇਸ਼ਨ ਦੌਰਾਨ ਨਸ਼ਾ ਤਸਕਰਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਨਾ ਕਰਨ ਕਰਕੇ ਪੁਲੀਸ ਚੌਕੀ ਅਨਾਜ ਮੰਡੀ ਸੁਨਾਮ ਵਿੱਚ ਤਾਇਨਾਤ 11 ਪੁਲੀਸ ਮੁਲਾਜ਼ਮਾਂ ਦਾ ਪੁਲੀਸ ਲਾਈਨ ਅਤੇ ਦੂਰ-ਦਰਾਡੇ ਪੁਲੀਸ ਥਾਣਿਆਂ ਵਿਚ ਤਬਾਦਲਾ ਕਰ ਦਿੱਤਾ ਗਿਆ ਹੈ। ਏਐੱਸਆਈ ਬਲਕਾਰ ਸਿੰਘ ਨੂੰ ਨਸ਼ਾ ਤਸਕਰਾਂ ਨਾਲ ਤਾਲਮੇਲ ਰੱਖਣ, ਨਸ਼ਾ ਤਸਕਰਾਂ ਵਿਰੁੱਧ ਨਰਮ ਰੁਖ਼ ਅਪਣਾਉਣ ਅਤੇ ਕਾਰਵਾਈ ਨਾ ਕਰਨ ਦੇ ਦੋਸ਼ ਹੇਠ ਨੌਕਰੀ ਤੋਂ ਮੁਅੱਤਲ ਕਰਕੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਅਪਰੇਸ਼ਨ ਦੌਰਾਨ ਮੁਖਵਿੰਦਰ ਸਿੰਘ ਛੀਨਾ ਆਈਜੀ ਪੁਲੀਸ ਰੇਂਜ ਪਟਿਆਲਾ ਵੀ ਸੰਗਰੂਰ ਪੁਲੀਸ ਦੀ ਹੌਸਲਾ ਅਫਜ਼ਾਈ ਕਰਨ ਲਈ ਪੁੱਜੇ ਸਨ। ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਚਲਾਈ ਮੁਹਿੰਮ ਤਹਿਤ ਇੰਦਰਾ ਬਸਤੀ ਸੁਨਾਮ ਵਿੱਚ ਵਿਸ਼ੇਸ਼ ਸਰਚ ਅਪਰੇਸ਼ਨ ਦੌਰਾਨ 200 ਸ਼ੱਕੀ ਵਾਹਨ ਜ਼ਬਤ ਕੀਤੇ ਗਏ ਹਨ ਅਤੇ ਲਗਪਗ 3 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਬਾਅਦ ਐਨਡੀਪੀਐਸ ਐਕਟ ਅਤੇ ਆਬਕਾਰੀ ਐਕਟ ਤਹਿਤ ਤਿੰਨ-ਤਿੰਨ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਚੌਕੀ ਅਨਾਜ ਮੰਡੀ ਸੁਨਾਮ ਵਿਖੇ ਤਾਇਨਾਤ 11 ਪੁਲੀਸ ਮੁਲਾਜ਼ਮਾਂ ਨੂੰ ਨਸ਼ਾ ਤਸਕਰਾਂ ਵਿਰੁੱਧ ਢੁੱਕਵੀਂ ਕਾਰਵਾਈ ਨਾ ਕਰਨ ’ਤੇ ਪੁਲੀਸ ਲਾਈਨ ਅਤੇ ਦੂਰ ਦਰਾਡੇ ਪੁਲੀਸ ਥਾਣਿਆਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਪੁਲੀਸ ਚੌਕੀ ਅਨਾਜ ਮੰਡੀ ਸੁਨਾਮ ਵਿੱਚ ਤਾਇਨਾਤ ਏਐੱਸਆਈ ਬਲਕਾਰ ਸਿੰਘ ਨੂੰ ਵੀ ਨਸ਼ਾ ਤਸਕਰਾਂ ਨਾਲ ਤਾਲਮੇਲ ਰੱਖਣ, ਨਰਮ ਰਖ਼ ਅਪਨਾਉਣ ਅਤੇ ਕਾਰਵਾਈ ਨਾ ਕਰਨ ਦੇ ਦੋਸ਼ ਹੇਠ ਨੌਕਰੀ ਤੋਂ ਮੁਅੱਤਲ ਕਰਕੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸਐੱਸਪੀ ਨੇ ਦੱਸਿਆ ਕਿ ਇਸ ਅਪਰੇਸ਼ਨ ਵਿਚ ਸਨੀਫਰ ਡਾਗ, ਐਂਟੀ ਸੈਬੋਟੇਜ਼ ਟੀਮ ਅਤੇ ਡਰੋਨ ਤੋਂ ਇਲਾਵਾ ਐੱਸਪੀ ਪੀਬੀਆਈ, ਐੱਸਪੀ ਡੀ, ਐੱਸਪੀ ਹੈੱਡਕੁਆਰਟਰ, ਡੀਐੱਸਪੀ ਡੀ, ਡੀਐੱਸਪੀ ਸੁਨਾਮ, ਡੀਐੱਸਪੀ ਹੈੱਡਕੁਆਟਰ, ਡੀਐੱਸਪੀ ਐੱਨਡੀਪੀਐੱਸ, ਥਾਣਿਆਂ ਦੇ ਮੁਖੀ, ਸੀਆਈਏ ਇੰਚਾਰਜ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਵਿਚ 400 ਤੋਂ ਵੱਧ ਪੁਲੀਸ ਮੁਲਾਜ਼ਮ ਸ਼ਾਮਲ ਸਨ।