ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਚੰਡੀਗੜ੍ਹ/ਮਾਨਸਾ, 21 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਐਲਾਨ ਕੀਤਾ ਕਿ ਕਿਸਾਨਾਂ-ਮਜ਼ਦੂਰਾਂ ਸਣੇ ਹਰ ਤਬਕੇ ਦੇ ਕਿਰਤੀ ਲੋਕਾਂ ਵੱਲੋਂ ਉਨ੍ਹਾਂ ਦੇ ਭਖਦੇ ਹੱਕੀ ਮਸਲਿਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਪੰਜਾਬ ਸਰਕਾਰ ਖ਼ਿਲਾਫ਼ ਬੇਭਰੋਸਗੀ ਜ਼ਾਹਿਰ ਕਰਨ ਲਈ 22 ਸਤੰਬਰ ਨੂੰ 12 ਤੋਂ 3 ਵਜੇ ਤੱਕ ਪੰਜਾਬ ਭਰ ਵਿੱਚ ਰੇਲ ਮਾਰਗ ਜਾਮ ਕੀਤੇ ਜਾਣਗੇ।
ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਥਾਂ-ਥਾਂ ਧਰਨੇ ਘਿਰਾਓ ਦੇ ਬਾਵਜੂਦ ਗੁਲਾਬੀ ਸੁੰਡੀ ਤੇ ਨਕਲੀ ਕੀਟਨਾਸ਼ਕਾਂ ਨਾਲ ਤਬਾਹ ਹੋਏ ਨਰਮੇ ਦੇ ਐਲਾਨ ਕਰਵਾਏ ਮੁਆਵਜ਼ੇ ਦੀ ਅਦਾਇਗੀ ਤੇ ਵਾਇਰਲ ਰੋਗ ਨਾਲ ਸੌ ਫ਼ੀਸਦੀ ਤੱਕ ਬਰਬਾਦ ਹੋਈ ਗੁਆਰੀ ਤੇ ਮੂੰਗੀ ਦੀ ਫ਼ਸਲ ਦੇ ਮੁਆਵਜ਼ੇ ਸਬੰਧੀ ਗਿਰਦਾਵਰੀ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਆਪਣੀ ਜ਼ਮੀਨ ਪੱਧਰ ਕਰਨ ’ਤੇ ਕਿਸਾਨਾਂ ਤੇ ਕਿਸਾਨ ਆਗੂਆਂ ਸਿਰ ਖਣਨ ਦੇ ਝੂਠੇ ਕੇਸ ਦਰਜ ਕਰਨ ਖ਼ਿਲਾਫ਼ ਜਨਤਕ ਸੰਘਰਸ਼ (ਮੌੜ ਥਾਣੇ ਦਾ ਪੱਕਾ ਘਿਰਾਓ) ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ੀਰਾ ਨੇੜੇ ਪ੍ਰਦੂਸ਼ਣ ਦੀ ਵਜ੍ਹਾ ਬਣੀ ਹੋਈ ਸ਼ਰਾਬ ਫੈਕਟਰੀ ਖ਼ਿਲਾਫ਼ ਸਵਾ ਮਹੀਨੇ ਤੋਂ ਚੱਲ ਰਿਹਾ ਦਿਨ-ਰਾਤ ਦਾ ਧਰਨਾ ਨਜ਼ਰਅੰਦਾਜ਼ ਹੀ ਨਹੀਂ ਕੀਤਾ ਜਾ ਰਿਹਾ ਹੈ, ਬਲਕਿ ਜ਼ਬਰਦਸਤੀ ਚੁਕਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਭਾਰਤ ਮਾਲਾ ਕਾਰਪੋਰੇਟ ਪ੍ਰਾਜੈਕਟ ਲਈ ਨਿਗੂਣਾ ਮੁਆਵਜ਼ਾ ਦੇ ਕੇ ਪੁਲੀਸ ਦੇ ਜ਼ੋਰ ਨਾਲ ਜ਼ਮੀਨਾਂ ਦੇ ਕਬਜ਼ੇ ਲਈ ਹੱਲੇ ਬੋਲੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਮਜ਼ਦੂਰ ਜਥੇਬੰਦੀਆਂ ਦੇ ਸੰਗਰੂਰ ਧਰਨੇ ’ਤੇ ਪਾਬੰਦੀ ਲਾਉਣ, ਬਰਨਾਲੇ ’ਚ ਪ੍ਰੋਫੈਸਰਾਂ ਉੱਪਰ ਤੇ ਪਟਿਆਲਾ ਸਣੇ ਬੇਰੁਜ਼ਗਾਰਾਂ ’ਤੇ ਲਾਠੀਚਾਰਜ ਕਰਨ ਤੇ ਸੀਯੂ ਦੀਆਂ ਵਿਦਿਆਰਥਣਾਂ ਦੀ ਪੁਲੀਸ ਵੱਲੋਂ ਖਿੱਚ-ਧੂਹ ਕਰਨ ਵਰਗੇ ਸਰਕਾਰ ਦੇ ਕਦਮ ਹਰ ਇਨਸਾਫ਼ਪਸੰਦ ਨੂੰ ਝੰਜੋੜ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਦਾ ਇਹ ਲੋਕ ਵਿਰੋਧੀ ਜਾਬਰ ਸਿਲਸਿਲਾ, ਪਹਿਲੀਆਂ ਸਰਕਾਰਾਂ ਨਾਲੋਂ ਵੀ ਉੱਤੋਂ ਦੀ ਹੈ। ਉਨ੍ਹਾਂ ਕਿਹਾ ਕਿ ਐਨਜੀਟੀ ਦੀਆਂ ਹਦਾਇਤਾਂ ਅਨੁਸਾਰ ਪ੍ਰਬੰਧ ਕਰਨ ਦੀ ਬਜਾਇ ਮਜਬੂਰੀਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਜੰਗ ਦਾ ਐਲਾਨ ਕਰ ਦਿੱਤਾ ਗਿਆ ਹੈ। ਐੱਮਐੱਸਪੀ ’ਤੇ ਝੋਨੇ ਦੀ ਖ਼ਰੀਦ ਔਸਤ ਝਾੜ ਤੇ ਜਮ੍ਹਾਂਬੰਦੀ ਵਿੱਚ ਕਾਸ਼ਤ ਹੇਠਲੇ ਰਕਬੇ ਮੁਤਾਬਕ ਹੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਮੁੱਢ ਵਿੱਚ ਹਜ਼ਾਰ ਏਕੜ ਤੋਂ ਵੱਧ ਰਕਬੇ ਵਿੱਚ ਸਨਅਤੀ ਕੰਪਲੈਕਸ ਉਸਾਰਨ ਖ਼ਾਤਰ ਜਰਮਨੀ ਜਾ ਕੇ ਕਾਰਪੋਰੇਟ ਘਰਾਣਿਆਂ ਨਾਲ ਸਮਝੌਤਿਆਂ ਦੀ ਗੱਲ ਤੋਰਨ ਵਰਗੇ ਅਨੇਕਾਂ ਕਿਸਾਨ ਤੇ ਲੋਕ ਵਿਰੋਧੀ ਫ਼ੈਸਲੇ ਧੜਾਧੜ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਬੇਸੱਕ ‘ਆਪ’ ਦੇ ਵਿਧਾਇਕ ਸਰਕਾਰ ਵਿੱਚ ਭਰੋਸਾ ਪ੍ਰਗਟ ਕਰ ਦੇਣ ਪਰ ਪੰਜਾਬ ਦੇ ਲੋਕ ਆਪਣੇ ਇਸ ਸੰਕੇਤਕ ਐਕਸ਼ਨ ਰਾਹੀਂ ਸਰਕਾਰ ਵਿੱਚ ਬੇਭਰੋਸਗੀ ਪ੍ਰਗਟ ਕਰਨਗੇ। ਕਿਸਾਨ ਆਗੂਆਂ ਨੇ ਕਿਸਾਨਾਂ-ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ, ਠੇਕਾ ਕਾਮਿਆਂ ਤੇ ਇਨਸਾਫ਼ਪਸੰਦਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।