ਐਨਪੀ. ਧਵਨ
ਪਠਾਨਕੋਟ, 21 ਅਗਸਤ
ਪਠਾਨਕੋਟ-ਜੋਗਿੰਦਰਨਗਰ ਰੇਲ ਮਾਰਗ ’ਤੇ ਚੱਕੀ ਦਰਿਆ ਉੱਪਰ ਬਣਿਆ ਰੇਲਵੇ ਪੁਲ ਕੱਲ੍ਹ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਿਆ ਸੀ। ਇਸ ਕਾਰਨ ਇਸ ਰੇਲ ਲਿੰਕ ਉੱਪਰੋਂ ਰੇਲ ਆਵਾਜਾਈ ਬੰਦ ਹੋ ਗਈ ਹੈ। ਇਸ ਪੁਲ ਦੇ ਬਿਲਕੁਲ ਸਮਾਨਨੰਤਰ ਬਣਿਆ ਸੜਕੀ ਮਾਰਗ ਵਾਲਾ ਪੁਲ ਵੀ ਹੁਣ ਖ਼ਤਰੇ ਹੇਠ ਆ ਗਿਆ ਹੈ। ਹਿਮਾਚਲ ਅਤੇ ਪੰਜਾਬ ਦੀਆਂ ਦੋਵਾਂ ਸਰਕਾਰਾਂ ਨੇ ਹੁਣ ਇਸ ਸੜਕੀ ਮਾਰਗ ਵਾਲੇ ਪੁਲ ਨੂੰ ਵੀ ਬੰਦ ਕਰ ਦਿੱਤਾ ਹੈ। ਇਸ ਉਪਰੋਂ ਟਰੈਫਿਕ ਦੀ ਮਨਾਹੀ ਕਰ ਦਿੱਤੀ ਗਈ ਹੈ। ਬੀਤੀ ਦੇਰ ਸ਼ਾਮ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਅਤੇ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਇਸ ਸੜਕੀ ਮਾਰਗ ਵਾਲੇ ਪੁਲ ਦਾ ਜਾਇਜ਼ਾ ਲਿਆ ਅਤੇ ਟਰੈਫਿਕ ਬੰਦ ਕਰਨ ਦਾ ਫ਼ੈਸਲਾ ਲਿਆ। ਇਸ ਮਗਰੋਂ ਪੁਲ ਦੇ ਦੋਵੇਂ ਪਾਸਿਆਂ ’ਤੇ ਬੈਰੀਕੇਡ ਲਗਾ ਕੇ ਵਾਹਨਾਂ ਦਾ ਦਾਖ਼ਲਾ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਪੁਲ ਦਾ ਅੱਧਾ ਹਿੱਸਾ ਪੰਜਾਬ ਜਦਕਿ ਅੱਧਾ ਹਿੱਸਾ ਹਿਮਾਚਲ ਪ੍ਰਦੇਸ਼ ਦੇ ਖੇਤਰ ਵਿੱਚ ਪੈਂਦਾ ਹੈ। ਭਲਕੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਦੁਬਾਰਾ ਇਸ ਦਾ ਨਿਰੀਖਣ ਕਰੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਚੱਕੀ ਦਰਿਆ ਵਿੱਚ ਪਾਣੀ ਦੇ ਤੇਜ਼ ਵਹਾਅ ਨਾਲ ਸੜਕੀ ਮਾਰਗ ਵਾਲੇ ਪੁਲ ਦੇ ਦੋ ਪਿੱਲਰਾਂ ਦੀਆਂ ਨੀਹਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੇ ਆਲੇ-ਦੁਆਲੇ ਸੁਰੱਖਿਆ ਲਈ ਬਣੇ ਹੋਏ ਪੱਥਰਾਂ ਦੇ ਕਰੇਟ ਪਾਣੀ ’ਚ ਰੁੜ੍ਹ ਚੁੱਕੇ ਹਨ।
ਇਸ ਪੁਲ ਤੋਂ ਸੜਕ ਮਾਰਗ ਦੀ ਆਵਾਜਾਈ ਬੰਦ ਕਰ ਦਿੱਤੇ ਜਾਣ ਬਾਅਦ ਪਠਾਨਕੋਟ ਤੋਂ ਜਸੂਰ, ਨੂਰਪੁਰ, ਜਵਾਲੀ, ਧਰਮਸ਼ਾਲਾ, ਕਾਂਗੜਾ ਆਦਿ ਖੇਤਰਾਂ ਵਿੱਚ ਜਾਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਲੋਕ ਤਾਂ ਕੰਡਵਾਲ ਦੇ ਰਸਤੇ ਲੰਘ ਗਏ ਪਰ ਸੈਲਾਨੀ ਪ੍ਰੇਸ਼ਾਨ ਹੁੰਦੇ ਰਹੇ। ਕਠੂਆ ਤੋਂ ਪਰਿਵਾਰ ਸਣੇ ਨਾਗਨੀ ਮਾਤਾ ਮੰਦਰ ਵਿੱਚ ਮੱਥਾ ਟੇਕਣ ਆਏ ਸਲਮਾਨ, ਖਦਾਵਰ ਦੇ ਭਾਰਤ ਭੂਸ਼ਣ, ਸੋਨੂੰ, ਨਗਰੋਟਾ ਦੀ ਪ੍ਰਵੀਨ ਅਤੇ ਜੰਡਵਾਲ ਦੇ ਤਾਰਾ ਚੰਦ ਨੇ ਦੱਸਿਆ ਕਿ ਪੁਲ ਬੰਦ ਹੋਣ ਨਾਲ ਉਨ੍ਹਾਂ ਲਈ ਮੁਸੀਬਤ ਖੜ੍ਹੀ ਹੋ ਗਈ ਹੈ। ਇਸ ਦੌਰਾਨ ਕੁਝ ਲੋਕ ਪੈਦਲ ਹੀ ਸਾਮਾਨ ਮੋਢਿਆਂ ’ਤੇ ਚੁੱਕ ਕੇ ਗਰਮੀ ਵਿੱਚ ਪੁਲ ਪਾਰ ਕਰਦੇ ਦਿਖਾਈ ਦਿੱਤੇ। ਫ਼ਿਲਹਾਲ ਇੱਥੋਂ ਲੰਘਣ ਵਾਲੇ ਵਾਹਨਾਂ ਨੂੰ ਕੰਡਵਾਲ-ਲੋਧਵਾਂ ਮਾਰਗ ਰਾਹੀਂ ਲੰਘਾਇਆ ਜਾ ਰਿਹਾ ਹੈ। ਕੰਡਵਾਲ ਤੋਂ ਚੱਕੀ ਜਾਂ ਚੱਕੀ, ਮਾਮੂਨ ਤੋਂ ਕੰਡਵਾਲ ਜਾਣ ਲਈ ਲੋਕਾਂ ਨੂੰ ਕਰੀਬ 15 ਕਿਲੋਮੀਟਰ ਵਾਧੂ ਸਫ਼ਰ ਤੈਅ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ, ਹਾਦਸਾਗ੍ਰਸਤ ਰੇਲਵੇ ਪੁਲ ਦਾ ਜਾਇਜ਼ਾ ਲੈਣ ਪੁੱਜੀ ਫ਼ਿਰੋਜ਼ਪੁਰ ਰੇਲ ਮੰਡਲ ਦੀ ਡੀਆਰਐਮ ਸੀਮਾ ਸ਼ਰਮਾ ਨੇ ਕਿਹਾ ਕਿ ਪੁਲ ਦਾ ਜਾਇਜ਼ਾ ਲੈਣ ਲਈ ਦਿੱਲੀ ਤੋਂ ਵੀ ਇੰਜਨੀਅਰਾਂ ਦੀ ਟੀਮ ਆਈ ਹੋਈ ਹੈ। ਉਨ੍ਹਾਂ ਦੱਸਿਆ ਕਿ ਪਠਾਨਕੋਟ ਤੋਂ ਜੋਗਿੰਦਰਨਗਰ ਲਈ ਰੇਲ ਸੇਵਾ ਸ਼ੁਰੂ ਹੋਣ ਵਿੱਚ ਕਾਫ਼ੀ ਸਮਾਂ ਲੱਗੇਗਾ। ਉਦੋਂ ਤੱਕ ਰੇਲਵੇ ਵਿਭਾਗ ਹਿਮਾਚਲ ਪ੍ਰਦੇਸ਼ ਦੇ ਨਗਰੋਟਾ ਸੂਰੀਆਂ ਤੋਂ ਬੈਜਨਾਥ ਤੱਕ ਕਰੀਬ 80 ਕਿਲੋਮੀਟਰ ਤੱਕ ਰੇਲ ਸੇਵਾ ਬਹਾਲ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਪੌਂਗ ਡੈਮ ਵਿੱਚ ਪਾਣੀ 1378 ਫੁੱਟ ’ਤੇ ਪੁੱਜਿਆ
ਤਲਵਾੜਾ (ਦੀਪਕ ਠਾਕੁਰ): ਸਥਾਨਕ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1378 ਫੁੱਟ ’ਤੇ ਪਹੁੰਚ ਗਿਆ ਹੈ। ਬੀਬੀਐੱਮਬੀ ਦੇ ਡਿਜ਼ਾਈਨ ਇੰਜਨੀਅਰ ਅਤੇ ਜਲ ਭੰਡਾਰਨ ਵਿਭਾਗ ਦੇ ਸੀਨੀਅਰ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਵਿੱਚ ਪਾਣੀ ਦੀ ਆਮਦ 70 ਹਜ਼ਾਰ ਕਿਊਸਕ ਪ੍ਰਤੀ ਘੰਟਾ ਹੋ ਰਹੀ ਹੈ ਜਦੋਂਕਿ 18 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਅੱਜ ਸਵੇਰ ਵੇਲੇ ਝੀਲ ਵਿੱਚ ਪਾਣੀ ਆਮਦ 2,24,343 ਕਿਊਸਕ ਪ੍ਰਤੀ ਘੰਟਾ ਸੀ, ਜੋ ਸ਼ਾਮ ਨੂੰ ਚਾਰ ਵਜੇ ਤੱਕ ਘੱਟ ਕੇ 70 ਹਜ਼ਾਰ ਕਿਊਸਕ ਰਹਿ ਗਈ ਹੈ। ਡੈਮ ਦੀ ਕੁੱਲ ਸਮਰਥਾ 1390 ਫੁੱਟ ਹੈ, ਜਿਸ ਨੂੰ 1395 ਤੱਕ ਵਧਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਡੈਮ ਦੇ ਕੈਚਮੈਂਟ ਖੇਤਰ ’ਚ ਆਉਂਦੇ ਕਾਂਗੜਾ ਤੇ ਹੋਰ ਖ਼ੇਤਰਾਂ ’ਚ ਭਾਰੀ ਮੀਂਹ ਪਿਆ ਸੀ। ਝੀਲ ਵਿੱਚ ਪਾਣੀ ਦੀ ਆਮਦ ਚਾਰ ਲੱਖ ਕਿਊਸਕ ਤੋਂ ਟੱਪ ਗਈ ਸੀ ਅਤੇ ਇੱਕੋ ਦਿਨ ਵਿੱਚ ਡੈਮ ਵਿੱਚ ਪਾਣੀ ਦਾ ਪੱਧਰ 40 ਫੁੱਟ ਤੱਕ ਵਧ ਗਿਆ ਸੀ। ਵਿਭਾਗ ਵੱਲੋਂ ਪੌਂਗ ਡੈਮ ਵਿੱਚ ਪਾਣੀ ਭਰਨ ਦੀ ਸਮਾਂ ਸੀਮਾ ਹਰ ਸਾਲ 15 ਜੂਨ ਤੋਂ 15 ਸਤੰਬਰ ਤੱਕ ਨਿਰਧਾਰਤ ਕੀਤੀ ਗਈ ਹੈ। ਬੀਬੀਐੱਮਬੀ ਨੇ ਪਾਣੀ ਦੀ ਆਮਦ ਵਿੱਚ ਹੋਏ ਅਚਾਨਕ ਵਾਧੇ ਅਤੇ ਸੰਭਾਵੀ ਮੀਂਹ ਦੇ ਚੱਲਦਿਆਂ ਹੇਠਲੇ ਇਲਾਕਿਆਂ ਵਿੱਚ ਐਡਵਾਈਜ਼ਰੀ ਜਾਰੀ ਕਰ ਕੇ 50 ਹਜ਼ਾਰ ਕਿਊਸਕ ਪਾਣੀ ਦਰਿਆ ਵਿੱਚ ਛੱਡਣ ਸਬੰਧੀ ਅਗਾਊਂ ਸੂਚਨਾ ਦਿੱਤੀ ਸੀ। ਸ੍ਰੀ ਕੁਮਾਰ ਨੇ ਦੱਸਿਆ ਕਿ ਹਾਲ ਦੀ ਘੜੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ।