ਪੱਤਰ ਪ੍ਰੇਰਕ
ਮੋਰਿੰਡਾ, 26 ਫਰਵਰੀ
ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਦੀ ਇਕੱਤਰਤਾ ਜੁਝਾਰ ਸਿੰਘ ਮਾਵੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਪਾਰ ਮੰਡਲ ਵੱਲੋਂ ਭਾਰਤ ਬੰਦ ਦੇ ਸੱਦੇ ’ਤੇ ਅਨਾਜ ਮੰਡੀ ਮੋਰਿੰਡਾ ਮੁਕੰਮਲ ਬੰਦ ਰੱਖੀ ਗਈ।
ਇਸ ਸਬੰਧੀ ਯੂਨੀਅਨ ਦੇ ਸਕੱਤਰ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਵਪਾਰ ਮੰਡਲ ਵੱਲੋਂ ਭਾਰਤ ਸਰਕਾਰ ਦੀਆਂ ਗਲਤ ਨੀਤੀਆਂ ਜਿਵੇਂ ਜੀ.ਐੱਸ.ਟੀ. ਦੀਆਂ ਖਾਮੀਆਂ, ਅਤੇ ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਆਦਿ ’ਤੇ ਕਨਫੈਡਰੇਸ਼ਨ ਇੰਡੀਆ ਟਰੇਡਰਜ਼ ਕੈਟ ਨੇ ਜੋ 26 ਫਰਵਰੀ ਨੂੰ ਬੰਦ ਦਾ ਸੱਦਾ ਦਿੱਤਾ ਸੀ, ਉਸਦਾ ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਵਲੋਂ ਸਮਰਥਨ ਕਰਦਿਆਂ ਅਨਾਜ ਮੰਡੀ ਮੋਰਿੰਡਾ ਬੰਦ ਰੱਖੀ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਜੀਐੱਸਟੀ ਖ਼ਿਲਾਫ਼ ਵਪਾਰੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਅਸਰ ਖਮਾਣੋਂ ਵਿੱਚ ਬੇਅਸਰ ਰਿਹਾ।
ਇਸ ਸਬੰਧੀ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਆਈਈਟੀ) ਨੇ ਅੱਜ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਸੀ ਪਰ ਇਸ ਦਾ ਕੋਈ ਅਸਰ ਸ਼ਹਿਰ ਵਿੱਚ ਨਹੀਂ ਦਿਖਿਆ।
ਅੰਬਾਲਾ (ਨਿਜੀ ਪੱਤਰ ਪ੍ਰੇਰਕ): ਜੀਐੱਸਟੀ ਵਿੱਚ ਕੀਤੀਆਂ ਗਈਆਂ ਕਥਿਤ ਆਪਹੁਦਰੀਆਂ ਤਬਦੀਲੀਆਂ ਅਤੇ ਹੋਰ ਮੰਗਾਂ ਨੂੰ ਲੈ ਕੇ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਵੱਲੋਂ ਅੱਜ ਭਾਰਤ ਬੰਦ ਦੇ ਸੱਦੇ ਦਾ ਅੰਬਾਲਾ ਵਿੱਚ ਕੋਈ ਅਸਰ ਦੇਖਣ ਨੂੰ ਨਾ ਮਿਲਿਆ।