ਪੱਤਰ ਪ੍ਰੇਰਕ
ਰੂਪਨਗਰ, 14 ਅਕਤੂਬਰ
ਜ਼ਿਲ੍ਹਾ ਟਰੇਡ ਯੂਨੀਅਨ ਸੈਂਟਰ ਦਾ ਡੈਲੀਗੇਟ ਇਜਲਾਸ ਗੁਰਨਾਮ ਸਿੰਘ ਔਲਖ, ਅਵਤਾਰ ਸਿੰਘ ਲੌਦੀਮਾਜਰਾ ਅਤੇ ਬਲਦੇਵ ਸਿੰਘ ਕੋਰੇ ’ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਹੋਇਆ। ਬੀਐੱਸ ਸੈਣੀ ਨੇ ਕੌਮੀ ਅਤੇ ਸੂਬਾ ਪੱਧਰ ’ਤੇ ਸਿਆਸੀ ਸਥਿਤੀ ਤੋਂ ਇਲਾਵਾ ਜਥੇਬੰਦਕ ਗਤੀਵਿਧੀਆਂ ਬਾਰੇ ਅਤੇ ਆਮਦਨ ਅਤੇ ਖਰਚੇ ਸਬੰਧੀ ਲਿਖਤੀ ਰਿਪੋਰਟਾਂ ਪੇਸ਼ ਕੀਤੀਆਂ। ਇਸ ਤੋਂ ਇਲਾਵਾ ਜ਼ਿਲ੍ਹਾ ਟਰੇਡ ਯੂਨੀਅਨ ਸੈਂਟਰ ਦਾ ਨਾਮ ਬਦਲ ਕੇ ਟਰੇਡ ਯੂਨੀਅਨ ਸੈਂਟਰ ਜ਼ਿਲ੍ਹਾ ਰੂਪਨਗਰ ਰੱਖਣ ਦਾ ਮਤਾ ਪੇਸ਼ ਕੀਤਾ ਗਿਆ।
ਇੱਕ ਹੋਰ ਮਤੇ ਰਾਹੀਂ ਹਾਥਰਸ ਕਾਂਡ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖ਼ਤ ਸਜ਼ਾਵਾਂ ਦੇਣ ਦੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਸਬੰਧੀ, ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ। ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ ਕਰਦੇ ਹੋਏ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸਾਨ ਵਿਰੋਧੀ ਖੇਤੀ ਕਾਨੂੰਨ ਵਾਪਸ ਲਏ ਜਾਣ। ਡੈਲੀਗੇਟਾਂ ਵਲੋਂ ਟਰੇਡ ਯੂਨੀਅਨ ਸੈਂਟਰ ਜ਼ਿਲ੍ਹਾ ਰੂਪਨਗਰ ਦੀ ਚੋਣ ਕੀਤੀ ਗਈ, ਜਿਸ ’ਚ ਗੁਰਨਾਮ ਸਿੰਘ ਸਰਪ੍ਰਸਤ, ਬੀਐੱਸ ਸੈਣੀ ਪ੍ਰਧਾਨ, ਮਾਸਟਰ ਅਵਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ, ਨੰਦ ਕਿਸ਼ੋਰ ਰਾਏ ਤੇ ਜਗਦੀਸ਼ ਲਾਲ ਦੋਵੇਂ ਮੀਤ ਪ੍ਰਧਾਨ, ਅਵਨੀਸ਼ ਕੁਮਾਰ ਜਨਰਲ ਸਕੱਤਰ ਆਦਿ ਅਹੁਦੇਦਾਰ ਚੁਣੇ ਗਏ।