ਆਤਿਸ਼ ਗੁਪਤਾ
ਚੰਡੀਗੜ੍ਹ, 25 ਜਨਵਰੀ
ਖੇਤੀ ਕਾਨੂੰਨਾਂ ਸਬੰਧੀ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਖ਼ਿਲਾਫ਼ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਸਬੰਧੀ ਹਰਿਆਣਾ ਕਿਸਾਨੀ ਦੇ ਸੰਘਰਸ਼ ਵਿੱਚ ਰੰਗਿਆ ਗਿਆ ਹੈ। ਦੋਵਾਂ ਸੂਬਿਆਂ ਦੀਆਂ ਸੜਕਾਂ ’ਤੇ ਦਿੱਲੀ ਵੱਲ ਕੂਚ ਕਰਦੇ ਹੋਏ ਟਰੈਕਟਰ ਅਤੇ ਗੱਡੀਆਂ ਦੀਆਂ ਡਾਰਾਂ ਜਾ ਰਹੀਆਂ ਹਨ। ਹਰਿਆਣਾ ਦੇ ਲੋਕ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਲਈ ਜਾ ਰਹੇ ਕਿਸਾਨਾਂ ਦਾ ਕੌਮੀ ਝੰਡੇ ਲਹਿਰਾ ਕੇ ਸਵਾਗਤ ਕਰ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਦੀ ਹਮਾਇਤ ਵਿੱਚ ਨੌਜਵਾਨ ਹਰਿਆਣਾ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੋਟਰਸਾਈਕਲ ਮਾਰਚ ਕੱਢ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਹਰ ਘਰ ਵਿੱਚੋਂ ਇੱਕ-ਇੱਕ ਜੀਅ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈ ਰਿਹਾ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਔਰਤਾਂ ਵੀ ਟਰੈਕਟਰ ਚਲਾ ਕੇ ਪਰੇਡ ਲਈ ਦਿੱਲੀ ਦੀਆਂ ਹੱਦਾਂ ’ਤੇ ਪਹੁੰਚ ਚੁੱਕੀਆਂ ਹਨ।
ਹਰਿਆਣਾ ’ਚੋਂ ਆਪਣੇ ਪਰਿਵਾਰ ਸਣੇ ਗੁਜ਼ਰ ਰਹੇ ਅੰਮ੍ਰਿਤਸਰ ਵਾਸੀ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ ਆਪਣੀ ਜ਼ਮੀਨ ਵੀ ਹੈ ਅਤੇ ਉਹ ਠੇਕੇ ’ਤੇ ਜ਼ਮੀਨ ਲੈ ਕੇ ਵੀ ਖੇਤੀ ਕਰਦਾ ਹੈ। ਉਸ ਨੇ ਕਿਹਾ ਕਿ ਪਹਿਲਾਂ ਹੀ ਕਿਸਾਨਾਂ ਨੂੰ ਆਪਣਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ ਅਤੇ ਹੁਣ ਜੇ ਇਹ ਕਾਨੂੰਨ ਆ ਜਾਂਦੇ ਹਨ ਤਾਂ ਕਿਸਾਨੀ ਤਬਾਹ ਹੋ ਜਾਵੇਗੀ। ਖਟਕੜ ਟੌਲ ਪਲਾਜ਼ਾ ’ਤੇ ਲੱਗੇ ਧਰਨੇ ਦੀ ਅਗਵਾਈ ਕਰ ਰਹੇ ਬਾਹੜਨ ਖਾਪ ਦੇ ਜਨਰਲ ਸਕੱਤਰ ਆਜ਼ਾਦ ਪਲਵਾ ਨੇ ਦੱਸਿਆ ਕਿ ਖਟਕੜ ਟੌਲ ਪਲਾਜ਼ਾ ਰਾਹੀਂ ਸਵੇਰ ਤੋਂ ਹੀ ਦਿੱਲੀ ਜਾਣ ਵਾਲੇ ਟਰੈਕਟਰਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ, ਜੋ ਕਿ ਦੇਰ ਰਾਤ ਤਕ ਲੱਗੀਆਂ ਰਹੀਆਂ।
ਦੂਜੇ ਪਾਸੇ ਹਰਿਆਣਾ ਪੁਲੀਸ ਵੱਲੋਂ ਗਣਤੰਤਰ ਦਿਵਸ ਵਾਲੇ ਦਿਨ ਸੂਬੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਟਰੈਕਟਰ ਪਰੇਡ ਕਰਕੇ ਲੋਕਾਂ ਨੂੰ ਆਵਾਜਾਈ ਸਮੱਸਿਆਂ ਤੋਂ ਨਿਜਾਤ ਦਿਵਾਉਣ ਲਈ ਪਹਿਲਾਂ ਹੀ ਰੂਟ ਪਲਾਨ ਜਾਰੀ ਕਰ ਦਿੱਤਾ ਗਿਆ ਹੈ।
ਤਲਵੰਡੀ ਮੰਗੇ ਖਾਂ ਦੇ ਕਿਸਾਨ ਨੇ ਤਿਆਰ ਕੀਤਾ ਰਿਮੋਟ ਨਾਲ ਚੱਲਣ ਵਾਲਾ ਟਰੈਕਟਰ
ਮੋਗਾ (ਮਹਿੰਦਰ ਸਿੰਘ ਰੱਤੀਆਂ): ਕਿਸਾਨ ਟਰੈਕਟਰ ਪਰੇਡ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ। ਇੱਥੋਂ ਨੇੜਲੇ ਪਿੰਡ ਤਲਵੰਡੀ ਮੰਗੇ ਖਾਂ ਦੇ ਨੌਜਵਾਨ ਕਿਸਾਨ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਚਾਰ ਲਈ ਅਨੋਖਾ ਟਰੈਕਟਰ ਤਿਆਰ ਕੀਤਾ ਹੈ। ਨੌਜਵਾਨ ਕਿਸਾਨ ਪਵਿੱਤਰ ਸਿੰਘ ਬਰਾੜ ਨੇ ਕਿਹਾ ਕਿ ਉਸ ਨੇ ਕਿਸਾਨਾਂ ਨੂੰ ਅਨਪੜ੍ਹ ਬੇਸਮਝ ਆਖਣ ਵਾਲੀ ਮੋਦੀ ਸਰਕਾਰ ਨੂੰ ਜਵਾਬ ਦੇਣ ਲਈ ਰਿਮੋਟ ਨਾਲ ਚੱਲਣ ਵਾਲਾ ਇਹ ਪ੍ਰਚਾਰ ਟਰੈਕਟਰ ਤਿਆਰ ਕੀਤਾ ਹੈ। ਉਹ ਇਸ ਟਰੈਕਟਰ ਨਾਲ ਪਿੰਡਾਂ ਵਿੱਚ ਪ੍ਰਚਾਰ ਕਰ ਰਿਹਾ ਹੈ।