ਲਖਵੀਰ ਸਿੰਘ ਚੀਮਾ
ਟੱਲੇਵਾਲ, 21 ਜਨਵਰੀ
ਦਿੱਲੀ ਵਿੱਚ 26 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ 23 ਜਨਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਫ਼ਲੇ ਰਵਾਨਾ ਹੋਣਗੇ। ਇਹ ਐਲਾਨ ਅੱਜ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਅਗਵਾਈ ਹੇਠ ਜਥੇਬੰਦੀ ਵੱਲੋਂ ਬਰਨਾਲਾ ਦੇ ਪਿੰਡ ਚੀਮਾ ਵਿੱਚ ਕੀਤੀ ਗਈ ਸੂਬਾ ਪੱਧਰੀ ਮੀਟਿੰਗ ਉਪਰੰਤ ਕੀਤਾ ਗਿਆ। ਇਸ ਮੌਕੇ 23 ਜਨਵਰੀ ਨੂੰ ਖਨੌਰੀ ਅਤੇ ਡੱਬਵਾਲੀ ਤੋਂ ਦਿੱਲੀ ਵੱਲ ਕੂਚ ਕਰਨ ਵਾਲੇ ਵੱਡੇ ਟਰੈਕਟਰ ਕਾਫ਼ਲਿਆਂ ਸਬੰਧੀ ਠੋਸ ਵਿਉਂਤਬੰਦੀ ਕੀਤੀ ਗਈ। ਮੀਟਿੰਗ ਵਿੱਚ ਹੋਰ ਸੂਬਾ ਆਗੂਆਂ ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਸੁਖਦੀਪ ਸਿੰਘ ਕੋਠਾਗੁਰੂ, ਚਮਕੌਰ ਸਿੰਘ ਨੈਣੇਵਾਲ, ਜਸਵਿੰਦਰ ਸਿੰਘ ਬਰਾਸ ਅਤੇ ਸੁਨੀਲ ਕੁਮਾਰ ਭੋਡੀਪੁਰਾ ਤੋਂ ਇਲਾਵਾ 12 ਜ਼ਿਲ੍ਹਿਆਂ ਦੇ ਨੁਮਾਇੰਦੇ ਸ਼ਾਮਲ ਸਨ। ਇਸ ਮੌਕੇ ਸਰਬਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਜਥੇਬੰਦੀ ਦੇ ਪ੍ਰਭਾਵ ਵਾਲੇ ਸਾਰੇ ਟਰੈਕਟਰ ਦਿੱਲੀ ਹੀ ਪਹੁੰਚਣਗੇ ਅਤੇ 26 ਨੂੰ ਪੰਜਾਬ ਵਿੱਚ ਕੋਈ ਟਰੈਕਟਰ ਮਾਰਚ ਨਹੀਂ ਹੋਵੇਗਾ।
ਸੁਖਦੇਵ ਕੋਕਰੀਕਲਾਂ ਨੇ ਦੱਸਿਆ ਕਿ 26 ਜਨਵਰੀ ਦੀ ਕਿਸਾਨ ਪਰੇਡ ਦੀ ਤਿਆਰੀ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਦੂਜੇ ਦਿਨ 16 ਜ਼ਿਲ੍ਹਿਆਂ ਦੇ 1245 ਪਿੰਡਾਂ ਵਿੱਚ 15000 ਤੋਂ ਵੱਧ ਟਰੈਕਟਰਾਂ ਨਾਲ ਮੋਦੀ ਭਾਜਪਾ ਹਕੂਮਤ ਵਿਰੁੱਧ ਰੋਸ ਮਾਰਚ ਕੀਤੇ ਗਏ।
ਇਸ ਮਾਰਚ ਦੌਰਾਨ ਨੌਜਵਾਨ, ਕਿਸਾਨਾਂ, ਮਜਦੂਰਾਂ ਅੰਦਰ ਠਾਠਾਂ ਮਾਰਦਾ ਜੋਸ਼ ਅਤੇ ਉਤਸ਼ਾਹ ਮੋਦੀ ਭਾਜਪਾ ਦੀਆਂ ਸਿਆਸੀ ਜੜ੍ਹਾਂ ਨੂੰ ਡੂੰਘਾ ਚੀਰਾ ਦੇ ਰਿਹਾ ਹੈ ਅਤੇ ਇਹ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਮ ਲਵੇਗਾ। ਕੁੱਝ ਜ਼ਿਲ੍ਹਿਆਂ ਵਿੱਚ ਇਹ ਮਾਰਚ 22 ਜਨਵਰੀ ਨੂੰ ਵੀ ਕੀਤੇ ਜਾਣਗੇ। ਬੀਤੇ ਦਿਨੀਂ ਧਨੌਲਾ ਤੇ ਕਟੈਹੜਾ ਵਿੱਚ 30,000 ਤੋਂ ਵੱਧ ਔਰਤਾਂ ਦੀ ਸ਼ਮੂਲੀਅਤ ਵਾਲੀਆਂ ਬੇਹੱਦ ਵਿਸ਼ਾਲ ਔਰਤ ਰੈਲੀਆਂ ’ਤੇ ਤਸੱਲੀ ਜ਼ਾਹਰ ਕੀਤੀ। ਉਨ੍ਹਾਂ ਸਮੂਹ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਖੁਫ਼ੀਆ ਏਜੰਸੀਆਂ ਅਤੇ ਹੁੱਲੜਬਾਜ਼ ਅਨਸਰਾਂ ਦੀਆਂ ਭੜਕਾਊ ਕਾਰਵਾਈਆਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਤਾਂ ਕਿ ਸ਼ਾਂਤਮਈ ਸੰਘਰਸ਼ ’ਤੇ ਹਿੰਸਕ ਹੋਣ ਦਾ ਬਹਾਨਾ ਬਣਾ ਕੇ ਮਾਰੂ ਜ਼ਾਬਰ ਹੱਲਾ ਬੋਲਣ ਦਾ ਮੌਕਾ ਮੋਦੀ ਹਕੂਮਤ ਨੂੰ ਨਾ ਮਿਲੇ।