ਗੁਰਿੰਦਰ ਸਿੰਘ
ਲੁਧਿਆਣਾ, 26 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨੀ ਮੰਗਾਂ ਮਨਵਾਉਣ ਲਈ ਕੇਂਦਰ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜੀ ਜਾਵੇਗੀ ਅਤੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਕਰਵਾ ਕੇ ਹੀ ਸਾਹ ਲਿਆ ਜਾਵੇਗਾ।
ਉਹ ਅੱਜ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿੱਚ ਲੁਧਿਆਣਾ ਦਿਹਾਤੀ ਅਤੇ ਸ਼ਹਿਰੀ ਦੇ ਅਕਾਲੀ ਵਰਕਰਾਂ ਦੀ ਮੀਟਿੰਗ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਜਿਹੀ ਪਾਰਟੀ ਹੈ, ਜਿਸ ਨੇ ਪਿਛਲੇ ਸੌ ਸਾਲਾਂ ਦੌਰਾਨ ਕਿਸਾਨਾਂ ਦੀ ਹਰ ਲੜਾਈ ਅੱਗੇ ਹੋ ਕੇ ਲੜੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਗ਼ਲਤ ਪ੍ਰਚਾਰ ਕਰ ਰਹੇ ਹਨ ਕਿ ਅਕਾਲੀ ਦਲ ਨੇ ਆਪਣੀ ਹੋਂਦ ਬਚਾਉਣ ਲਈ ਅਤੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਬਿੱਲ ਖ਼ਿਲਾਫ਼ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਸਿਵਾਏ ਸਿਆਸਤ ਕਰਨ ਤੋਂ ਹੋਰ ਕੁਝ ਨਹੀਂ ਕੀਤਾ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੀ ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਕਿਸਾਨ ਮਾਰਚ ਕੱਢ ਕੇ ਮੁਹਾਲੀ ਤਕ ਕਿਸਾਨ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਗਲਾ ਪ੍ਰੋਗਰਾਮ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬਿੱਲ ਵਿਰੁੱਧ ਵੋਟ ਪਾਉਣ ਸਮੇਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਮੇਤ ਕਾਂਗਰਸ ਦੇ ਸਾਰੇ ਮੈਂਬਰ ਪਾਰਲੀਮੈਂਟ ਵਿੱਚੋਂ ਵਾਕਆਊਟ ਕਰ ਗਏ ਸਨ ਜਦਕਿ ਉਨ੍ਹਾਂ ਅਤੇ ਹਰਸਿਮਰਤ ਕੌਰ ਬਾਦਲ ਨੇ ਬਿੱਲ ਖ਼ਿਲਾਫ਼ ਵੋਟ ਪਾ ਕੇ ਕਿਸਾਨਾਂ ਪ੍ਰਤੀ ਆਪਣੀ ਵਫਾਦਾਰੀ ਦਾ ਪ੍ਰਗਟਾਵਾ ਕੀਤਾ ਸੀ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਕਰਦਿਆਂ ਵਰਕਰਾਂ ਨੂੰ ਕਿਹਾ ਕਿ ਉਹ ਕੈਪਟਨ ਸਰਕਾਰ ਦਾ ਬਿਸਤਰਾ ਗੋਲ ਕਰਨ ਲਈ ਹੁਣ ਤੋਂ ਹੀ ਮੈਦਾਨ ਵਿੱਚ ਨਿੱਤਰਨ।
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਜਦੋਂ ਤੱਕ ਖੇਤੀ ਬਿੱਲ ਵਾਪਸ ਨਹੀਂ ਲਏ ਜਾਂਦੇ ਉਨ੍ਹਾਂ ਦੀ ਪਾਰਟੀ ਸੰਘਰਸ਼ ਜਾਰੀ ਰੱਖੇਗੀ। ਉਹ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿੱਚ ਪਾਰਟੀ ਵੱਲੋਂ ਪਹਿਲੀ ਅਕਤੂਬਰ ਨੂੰ ਰੱਖੇ ਗਏ ਕਿਸਾਨ ਮਾਰਚ ਦੀ ਤਿਆਰੀ ਲਈ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਸੂਬੇ ਵਿਚ ਖੇਤੀ ਬਿੱਲ ਲਾਗੂ ਹੋਣ ਤੋਂ ਰੋਕ ਸਕਦੀ ਹੈ।
ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣ ਦਾ ਫ਼ੈਸਲਾ
ਪਟਿਆਲਾ (ਖੇਤਰੀ ਪ੍ਰਤੀਨਿਧ): ਲੋਕ ਸਭਾ ਅਤੇ ਰਾਜ ਸਭਾ ’ਚ ਪਾਸ ਹੋ ਚੁੱਕੇ ਤਿੰੰਨ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਕਾਨੂੰਨ ਬਣਨ ਤੋਂ ਰੋਕਣ ਲਈ ਅਕਾਲੀ ਦਲ ਨੇ ਟਰੈਕਟਰ ਮਾਰਚ ਕਰਕੇ ਪੰਜਾਬ ਦੇ ਰਾਜਪਾਲ ਰਾਹੀਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਣ ਦਾ ਫੈਸਲਾ ਕੀਤਾ ਹੈ। ਪਹਿਲੀ ਅਕਤੂਬਰ ਨੂੰ ਇਹ ਟਰੈਕਟਰ ਮਾਰਚ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਸ਼ਹਿਰ ਤੋਂ ਸ਼ੁਰੂ ਹੋਵੇਗਾ। ਸਿੱਖ ਧਰਮ ਨਾਲ਼ ਸਬੰਧਤ ਤਿੰਨ ਤਖ਼ਤਾਂ ਤੋਂ ਅਕਾਲੀ ਆਗੂ ਵਾਹਨਾਂ ਦੇ ਕਾਫ਼ਲੇ ਸਮੇਤ ਰਾਜਪੁਰਾ ਪੁੱਜਣਗੇ, ਜਿਥੋਂ ਟਰੈਕਟਰ ਮਾਰਚ ਕਰਦੇ ਹੋਏ ਮੁਹਾਲੀ ਸਥਿਤ ਗੁਰਦਵਾਰਾ ਅੰਬ ਸਾਹਿਬ ਵਿਖੇ ਪੁੱਜਣਗੇ। ਉਪਰੰਤ ਪਾਰਟੀ ਲੀਡਰਸ਼ਿਪ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪੇਗੀ।