ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 25 ਮਈ
ਜ਼ਿਲ੍ਹੇ ਦੇ ਸਰਹੱਦੀ ਪਿੰਡ ਪੱਕਾ ਚਿਸ਼ਤੀ ਵਿੱਚ ਤਾਰੋਂ ਪਾਰ ਜ਼ਮੀਨੀ ਝਗੜੇ ਕਾਰਨ ਵੱਡੇ ਭਰਾ ਨੇ ਆਪਣੇ ਛੋਟੇ ਭਰਾ ’ਤੇ ਟਰੈਕਟਰ ਚੜ੍ਹਾ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਦਿੰਦਿਆਂ ਰਾਜਨ ਕੁਮਾਰ ਵਾਸੀ ਫਾਜ਼ਿਲਕਾ ਨੇ ਦੱਸਿਆ ਕਿ ਜ਼ਮੀਨੀ ਰੌਲੇ ਕਾਰਨ ਉਸ ਦੇ ਤਾਏ ਨੇ ਪਹਿਲਾਂ ਉਸ ’ਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਪਾਸੇੇ ਹੋ ਗਿਆ ਤਾਂ ਟਰੈਕਟਰ ਉਨ੍ਹਾਂ ਦੇ ਟਰੈਕਟਰ ਵਿੱਚ ਜਾ ਵੱਜਿਆ। ਇਸ ਮਗਰੋਂ ਉਸ ਦੇ ਤਾਏ ਨੇ ਹਲ੍ਹ ਨਾਲ ਵੱਟ ਵਾਹ ਦਿੱਤੀ ਤੇ ਉਸ ਦੇ ਪਿਤਾ ’ਤੇ ਟਰੈਕਟਰ ਚੜ੍ਹਾ ਦਿੱਤਾ, ਜਿਸ ਕਾਰਨ ਜ਼ਖ਼ਮੀ ਹੋਏ ਸੁਖਦੇਵ ਵਢੇਰਾ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਸਰਹੱਦੀ ਤਾਰ ਤੋਂ ਪਾਰ ਹੋਏ ਝਗੜੇ ਬਾਰੇ ਬੀਐੱਸਐੱਫ ਦੇ ਕੰਪਨੀ ਕਮਾਂਡਰ ਨੇ ਐੱਸਐੱਚਓ ਥਾਣਾ ਸਦਰ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਅਤੇ ਮੁਲਜ਼ਮ ਨੂੰ ਚੌਕੀ ਬਿਠਾ ਲਿਆ।