ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਅਗਸਤ
ਮਾਝੇ ਦੇ ਤਿੰਨ ਜ਼ਿਲ੍ਹਿਆਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਚ ਪੁਲੀਸ ਵਲੋਂ ਅਦਾਲਤ ਵਿਚ ਚਲਾਨ ਪੇਸ਼ ਕਰਨ ਤੋਂ ਪਹਿਲਾਂ ਮਰਨ ਵਾਲਿਆਂ ਦੀ ਵਿਸਰਾ ਰਿਪੋਰਟ ਅਤੇ ਕੈਮੀਕਲ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਹਿਰੀਲੀ ਸ਼ਰਾਬ ਨਾਲ ਲਗਪਗ 120 ਵਿਅਕਤੀਆਂ ਦੀ ਮੌਤ ਹੋ ਗਈ ਸੀ। ਐਸਪੀ ਗੌਰਵ ਤੁਰਾ ਨੇ ਆਖਿਆ ਕਿ ਵਿਸਰਾ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਪੁਲੀਸ ਵਲੋਂ ਫੋਰੈਂਸਿਕ ਲੈਬ ਨੂੰ ਪੱਤਰ ਵੀ ਭੇਜਿਆ ਗਿਆ ਹੈ ਕਿ ਵਿਸਰਾ ਰਿਪੋਰਟ ਜਲਦੀ ਭੇਜੀ ਜਾਵੇ ਤਾਂ ਕਿ ਜਾਂਚ ਮੁਕੰਮਲ ਕੀਤੀ ਜਾ ਸਕੇ। ਇਸੇ ਤਰ੍ਹਾਂ ਤਰਨ ਤਾਰਨ ਪੁਲੀਸ ਵਲੋਂ ਵੀ ਫੋਰੈਂਸਿਕ ਲੈਬ ਨੂੰ ਇਹ ਰਿਪੋਰਟਾਂ ਜਲਦੀ ਭੇਜਣ ਵਾਸਤੇ ਆਖਿਆ ਗਿਆ ਹੈ। ਇਸ ਕੇਸ ਨਾਲ ਜੁੜੇ ਹੋਰ ਦਸਤਾਵੇਜ਼ ਮੁਕੰਮਲ ਹੋ ਚੁੱਕੇ ਹਨ।